ਚੰਡੀਗੜ੍ਹ, 20 ਅਗਸਤ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਵੱਖ-ਵੱਖ ਵਿਭਾਗਾਂ ‘ਚ 271 ਨਵੇਂ ਨਿਯੁਕਤ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਸੂਬੇ ਦੇ 55,201 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਪਹਿਲਾਂ ਤਾਂ ਇਕ ਸੁਫ਼ਨਾ ਹੀ ਹੁੰਦੀ ਸੀ ਪਰ ਹੁਣ ਪੜ੍ਹਾਈ ਦੇ ਆਧਾਰ ‘ਤੇ ਸਰਕਾਰੀ ਨੌਕਰੀ ਮਿਲਦੀ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਸਿਫ਼ਾਰਿਸ਼ ਜਾਂ ਰਿਸ਼ਵਤ ਨਹੀਂ ਚੱਲਦੀ। ਉਨ੍ਹਾਂ ਨੇ ਨਵੇਂ ਨਿਯੁਕਤ ਨੌਜਵਾਨਾਂ ਨੂੰ ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਕਿਹਾ ਅਤੇ ਇਹ ਵੀ ਕਿਹਾ ਕਿ ਦਿਮਾਗ ਨੂੰ ਜਿੰਨੀ ਰੇਤੀ ਲਾਓਗੇ, ਓਨਾ ਹੀ ਤਿੱਖਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਸਕੂਲ ਦਲੀਆ ਖਾਣ ਵਾਲੀਆਂ ਇਮਾਰਤਾਂ ਸਨ ਅਤੇ ਮਿਡ-ਡੇਅ-ਮੀਲ ‘ਚ ਦਲੀਆ ਮਿਲ ਜਾਂਦਾ ਸੀ। ਪਿਛਲੀਆਂ ਸਰਕਾਰਾਂ ਨੇ ਸਾਡੇ ਬੱਚਿਆਂ ਬਾਰੇ ਸੋਚਿਆ ਹੀ ਨਹੀਂ ਪਰ ਹੁਣ ਹਰ ਨੌਜਵਾਨ ਨੂੰ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

