ਚੰਡੀਗੜ੍ਹ, 22 ਦਸੰਬਰ 2020 – ਪੰਜਾਬ ਦੇ 14 ਆੜ੍ਹਤੀਆਂ ਨੂੰ ਇਨਕਮ ਟੈਕਸ ਦੁਆਰਾ ਭੇਜੇ ਨੋਟਿਸ ਤੋਂ ਬਾਅਦ ਸਮੂਹ ਆੜ੍ਹਤੀਆ ਐਸੋਸੀਏਸ਼ਨ ਨੇ ਅੱਜ ਤੋਂ ਚਾਰ ਦਿਨਾਂ ਤੱਕ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜਿਸ ਤਹਿਤ ਅੱਜ ਮੰਗਲਵਾਰ 22 ਦਸੰਬਰ ਤੋਂ ਸ਼ੁੱਕਰਵਾਰ 25 ਦਸੰਬਰ ਤੱਕ ਸੂਬੇ ਦੀਆਂ ਸਾਰੀਆਂ ਮੰਡੀਆਂ ਬੰਦ ਰੱਖੀਆਂ ਜਾਣਗੀਆਂ। ਇਹਨਾਂ ਦਿਨਾਂ ਦੌਰਾਨ ਕੋਈ ਵੀ ਫ਼ਸਲ ਨਹੀਂ ਖਰੀਦੀ ਜਾਵੇਗੀ ਅਤੇ ਆੜ੍ਹਤੀਆਂ ਨੇ ਕਿਸਾਨਾਂ ਨੂੰ ਮੰਡੀਆਂ ‘ਚ ਫ਼ਸਲ ਨਾ ਲੈ ਕੇ ਆਉਣ ਦੀ ਅਪੀਲ ਕੀਤੀ ਹੈ। ਇਸ ਤੋਂ ਬਿਨਾਂ ਪੰਜਾਬ ਦੀ ਆੜ੍ਹਤੀਆ ਐਸੋਸੀਏਸ਼ਨਜ਼ ਫੈਡਰੇਸ਼ਨ ਵੱਲੋਂ ਅੱਜ ਇਨਕਮ ਟੈਕਸ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਦੀ ਵੀ ਯੋਜਨਾ ਬਣਾਈ ਹੋਈ ਹੈ।
ਆੜ੍ਹਤੀਆਂ ਦਾ ਭਾਜਪਾ ਸਰਕਾਰ ‘ਤੇ ਇਲਜ਼ਾਮ ਹੈ ਕਿ ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਕੇ ਦਬਾਅ ਬਣਾਉਣ ਦਾ ਪੈਂਤੜਾ ਅਜ਼ਮਾ ਰਹੀ ਹੈ ਕਿਉਂਕਿ ਉਨ੍ਹਾਂ ਵੱਲੋਂ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਗਿਆ ਹੈ।