ਹਥਿਆਰਬੰਦ ਤਿਆਰੀ ਜਰੂਰੀ ਪਰ ਵਾਤਾਵਰਣ, ਵਿਕਾਸ ਤੇ ਤਰੱਕੀ ਲਈ ਅਮਨ-ਸ਼ਾਂਤੀ ਲਾਜਮੀ – ਡਾ. ਬਲਬੀਰ ਸਿੰਘ

  • ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਦੇ ਰਾਜ ‘ਚ ਹੱਥਕੜੀਆਂ ਤੇ ਬੇੜੀਆਂ ਲਗਾਕੇ ਭਾਰਤੀਆਂ ਨੂੰ ਡਿਪੋਰਟ ਕਰਨਾ ਮੰਦਭਾਗਾ-ਡਾ. ਬਲਬੀਰ ਸਿੰਘ
  • ਤੀਜਾ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਖ਼ਾਲਸਾ ਕਾਲਜ ‘ਚ ਪੂਰੀ ਫ਼ੌਜੀ ਸ਼ਾਨੌ ਸੌਕਤ ਨਾਲ ਸੰਪੰਨ

ਪਟਿਆਲਾ, 16 ਫਰਵਰੀ 2025 – ਪਟਿਆਲਾ ਹੈਰੀਟੇਜ ਫੈਸਟੀਵਲ 2025 ਤਹਿਤ ਖ਼ਾਲਸਾ ਕਾਲਜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਤੀਜੀ ਵਾਰ ਸਫ਼ਲਤਾ ਪੂਰਵਕ ਕਰਵਾਏ ਗਏ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਫ਼ੌਜੀ ਸ਼ਾਨ-ਓ-ਸ਼ੌਕਤ ਨਾਲ ਪਟਿਆਲਵੀਆਂ ਨੂੰ ਮਿਲਟਰੀ ਇਤਿਹਾਸ ਤੋਂ ਵਾਕਫ਼ ਕਰਵਾਇਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਫ਼ੌਜ ਤੇ ਫ਼ੌਜੀ ਇਤਿਹਾਸ ਦੇ ਗੌਰਵ ਬਾਰੇ ਜਾਣੂ ਕਰਵਾਉਣ ਲਈ ਇਹ ਮੇਲੇ ਕਰਵਾਏ ਜਾ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਲਿਆਂ ਦੇ ਰਾਜ ਵਿੱਚ ਭਾਰਤੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਨੌਜਵਾਨਾਂ ਦੇ ਨਾਲ ਖੜ੍ਹੀ ਹੈ।

ਡਾ. ਬਲਬੀਰ ਸਿੰਘ ਨੇ ਮਿਲਟਰੀ ਲਿਟਰੇਚਰ ਦੀ ਗੱਲ ਕਰਦਿਆਂ ਕਿਹਾ ਕਿ ਅਮਨ-ਸ਼ਾਂਤੀ ਲਈ ਜੰਗ ਵਾਸਤੇ ਹਥਿਆਰਬੰਦ ਤਿਆਰੀ ਜਰੂਰੀ ਹੈ ਪਰੰਤੂ ਅੱਜ ਆਲਮੀ ਪੱਧਰ ‘ਤੇ ਹਰ ਮੁਲਕ ਵੱਲੋਂ ਅਜਿਹੇ ਕਦਮ ਉਠਾਏ ਜਾਣ ਅਤੇ ਫ਼ੌਜੀ ਵੈਟਰਨਾਂ ਵੱਲੋਂ ਨਿੱਠਕੇ ਸੋਚਿਆ ਜਾਵੇ ਤਾਂ ਕਿ ਦੇਸ਼ਾਂ ‘ਚ ਵਾਤਾਵਰਣ, ਤਰੱਕੀ ਤੇ ਵਿਕਾਸ ਲਈ ਅਮਨ-ਸ਼ਾਂਤੀ ਕਾਇਮ ਰਹੇ।
ਸਿਹਤ ਮੰਤਰੀ ਨੇ ਸਮਾਗਮ ਦੌਰਾਨ ਰਕਸ਼ਕ ਓਪਰੇਸ਼ਨ ‘ਚ ਪਟਿਆਲਾ ਜ਼ਿਲ੍ਹੇ ਦੇ ਸ਼ਹੀਦ ਹੋਏ ਫ਼ੌਜੀਆਂ ਦੀਆਂ ਪਤਨੀਆਂ-ਵੀਰ ਨਾਰੀਆਂ ਦਾ ਸਨਮਾਨ ਕਰਦਿਆਂ ਵਿਸ਼ਵ ਜੰਗਾਂ ਦੇ ਹਵਾਲੇ ਨਾਲ ਕਿਹਾ ਕਿ ਲੜਾਈਆਂ ਪਿੱਛੇ ਕੇਵਲ ਸਿਆਸੀ ਕਾਰਨ ਹੁੰਦੇ ਹਨ ਪਰੰਤੂ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨੌਜਵਾਨ ਸਰਹੱਦਾਂ ‘ਤੇ ਸ਼ਹੀਦ ਹੋਣ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਖਿਆ, ਰੋਜ਼ਗਾਰ, ਸਿਹਤ ‘ਤੇ ਕੰਮ ਕਰਦਿਆਂ ਨਸ਼ਿਆਂ ਨੂੰ ਠੱਲ੍ਹ ਪਾਈ ਹੈ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਫ਼ੌਜੀ ਸ਼ਾਨੌ ਸੌਕਤ ਨਾਲ ਸੰਪੰਨ ਹੋਏ ਫ਼ੌਜੀ ਸਾਹਿਤ ਮੇਲੇ ਦੀ ਸਫ਼ਲਤਾ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਅਤੇ ਭਾਰਤੀ ਫ਼ੌਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮੇਲਾ ਨੌਜਵਾਨਾਂ ਤੇ ਵਿਦਿਆਰਥੀਆਂ ਲਈ ਇੱਕ ਨਵੀਂ ਸ਼ੁਰੂਆਤ ਹੈ।

ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਕਰਵਾਏ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਸਦੀਆਂ ਤੋਂ ਖੜਗਭੁਜਾ ਰਿਹਾ ਹੈ, ਸਾਨੂੰ ਆਪਣੀ ਇਸ ਖੂਨ ਭਿੱਜੀ ਵਿਰਾਸਤ ਉਪਰ ਮਾਣ ਹੋਣਾ ਚਾਹੀਦਾ ਹੈ।

ਭਾਰਤੀ ਫ਼ੌਜ ਦੀ 43ਵੀਂ ਆਰਮਡ ਬ੍ਰਿਗੇਡ ਦੇ ਬ੍ਰਿਗੇਡੀਅਰ ਤੇਜਿੰਦਰ ਸਿੰਘ ਬਾਵਾ ਸੈਨਾ ਮੈਡਲ ਨੇ ਦੱਸਿਆ ਕਿ ਪਟਿਆਲਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਫ਼ੌਜ ਦੀ ਆਰਮਡ ਡਵੀਜਨ ਘਰ ਪਟਿਆਲਾ ਵਿਖੇ ਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਭਾਰਤੀ ਫ਼ੌਜ ਦੁਨੀਆਂ ਦੀ ਬਿਹਤਰੀਨ ਫ਼ੌਜ ਹੈ ਅਤੇ ਕਈ ਮੁਲਕਾਂ ਦੀ ਫ਼ੌਜ ਸਾਡੀ ਫ਼ੌਜ ਤੋਂ ਟ੍ਰੇਨਿੰਗ ਲੈਂਦੀ ਹੈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਸਫ਼ਲਤਾ ਪੂਰਵਕ ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾ ਕੇ ਆਪਣੀ ਅਮੀਰ ਵਿਰਾਸਤ ਤੋਂ ਨੌਜਵਾਨਾਂ ਤੇ ਪਟਿਆਲਵੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।

ਮੇਲੇ ਦੇ ਨੋਡਲ ਅਫ਼ਸਰ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਅਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਬਬਨਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ ਹੈਰੀਟੇਜ਼ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਸਮਾਪਤੀ ਮੌਕੇ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਦੇ ਬਾਬਾ ਸੁਖਦੇਵ ਸਿੰਘ ਦੀ ਦੇਖ-ਰੇਖ ਹੇਠ ਘੋੜਸਵਾਰਾਂ ਨੇ ਘੋੜਿਆਂ ਦੇ ਜਥੇਦਾਰ ਬਲਦੇਵ ਸਿੰਘ ਤੇ ਗਤਕੇ ਦੇ ਜੌਹਰ ਜਥੇਦਾਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਦਿਖਾਏ। ਪੀ.ਪੀ.ਐਸ. ਨਾਭਾ ਸਕੂਲ ਦੇ ਵਿਦਿਆਰਥੀਆਂ ਨੇ ਵੀ ਜਾਂਬਾਜ ਖੇਡ ਘੋੜਸਵਾਰੀ ਦੇ ਕਰਤੱਬ ਦਿਖਾਏ। ਏ.ਡੀ.ਸੀ. ਸੇਖੋਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਲੰਗਰ ਦੇ ਪ੍ਰਬੰਧ ਲਈ ਸਹਿਯੋਗ ਕਰਨ ਸਮੇਤ ਹੋਰ ਵਿਭਾਗਾਂ ਦੇ ਖ਼ਾਲਸਾ ਕਾਲਜ ਵੱਲੋਂ ਵਿਸ਼ੇਸ਼ ਸਹਿਯੋਗ ਕਰਨ ਲਈ ਸਭ ਦਾ ਧੰਨਵਾਦ ਕੀਤਾ।

ਏ.ਡੀ.ਸੀ. ਸੇਖੋਂ ਨੇ ਦੱਸਿਆ ਕਿ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ, ਭਾਰਤੀ ਫੌਜ ਦੇ ਇਤਿਹਾਸ ਸਮੇਤ ਜੋਸ਼ ਤੇ ਜਜ਼ਬੇ ਨੂੰ ਦਰਸਾਉਂਦੀਆਂ ਫ਼ਿਲਮਾਂ, ਬੈਂਡ ਡਿਸਪਲੇ, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਟੈਂਕਾਂ ਤੇ ਜੰਗੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਘੋੜਸਵਾਰੀ ਸ਼ੋਅ, ਬੁੱਢਾ ਦਲ ਦੇ ਨਿਹੰਗ ਸਿੰਘਾਂ ਵੱਲੋਂ ਗਤਕਾ, ਪੁਰਾਤਨ ਵਸਤਾਂ ਤੇ ਦੁਰਲੱਭ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਸਮੇਤ ਫ਼ੌਜ, ਖ਼ਾਲਸਾ ਕਾਲਜ ਵੱਲੋਂ ਭੰਗੜਾ, ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ, ਪੁਲਿਸ ਤੇ ਫ਼ੌਜ ਭਰਤੀ ਬਾਰੇ ਕਾਉਂਸਲਿੰਗ ਅਤੇ ਫ਼ੂਡ ਕੋਰਟ ਵੀ ਸਥਾਪਤ ਕੀਤੇ ਗਏ ਸਨ, ਜਿਸ ਦਾ ਵੱਡੀ ਗਿਣਤੀ ਪਟਿਆਵਲੀਆਂ ਅਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਆਨੰਦ ਮਾਣਿਆ।

ਇਸ ਮੌਕੇ ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਮੇਜਰ ਜਨਰਲ ਏ.ਪੀ. ਸਿੰਘ, ਬ੍ਰਿਗੇਡੀਅਰ ਅਦਵਿੱਤਿਆ ਮਦਾਨ, ਕਰਨਲ ਅਰੁਨ ਮਾਰਿਆ, ਐਸ.ਪੀ. ਸਿਟੀ ਸਰਫ਼ਰਾਜ ਆਲਮ, ਏ.ਡੀ.ਸੀ. ਇਸ਼ਾ ਸਿੰਗਲ, ਡਾਕ ਦੇ ਸੀਨੀਅਰ ਸੁਪਰਡੈਂਟ ਸੱਤਿਅਮ ਤਿਵਾੜੀ, ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਕਰਨਲ ਨਕੁਲ, ਕਰਨਲ ਰਾਜੀਵ ਸ਼ਰਮਾ, ਲੈਫ਼ ਕਰਨਲ ਰਾਜੀਵ ਸ਼ਰਮਾ, ਕਮਾਂਡਰ ਰੋਹਿਤ ਕੌਸ਼ਿਕ, ਐਨ.ਸੀ.ਸੀ., ਆਰਮੀ ਯੂਨਿਟ, ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ, ਫ਼ੌਜ ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਸਮੇਤ ਪਟਿਆਲਾ ਦੇ ਵਸਨੀਕ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ਨੇ ਭਾਰਤ ਨੂੰ 1.82 ਬਿਲੀਅਨ ਡਾਲਰ ਦੀ ਸਹਾਇਤਾ ਰੋਕੀ, DOGE ਵਿੱਚ ਹਰ ਅਮਰੀਕੀ ਖਰਚੇ ਦੀ ਜਾਂਚ ਕਰ ਰਹੇ ਮਸਕ

ਸਾਲ 2024 ਦੌਰਾਨ 3318 ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ: ਕੁਲਤਾਰ ਸੰਧਵਾਂ