- ਏ.ਕੇ.-47, ਪਿਸਤੌਲ ਅਤੇ ਮੈਗਜ਼ੀਨ ਹੋਏ ਬਰਾਮਦ
- ਪੰਜਾਬ ਪੁਲਿਸ-BSF ਦੇ ਸਾਂਝੇ ਆਪ੍ਰੇਸ਼ਨ ਵਿੱਚ ਮਿਲੀ ਸਫਲਤਾ
ਚੰਡੀਗੜ੍ਹ 30 ਨਵੰਬਰ 2022 – ਪੰਜਾਬ ਪੁਲਿਸ ਅਤੇ ਬੀਐਸਐਫ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਫਿਰੋਜ਼ਪੁਰ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਤੋਂ ਹਥਿਆਰਾਂ ਦੀ ਖੇਪ ਜ਼ਬਤ ਕੀਤੀ ਹੈ। ਟੀਮ ਨੇ 5 ਏਕੇ-47 ਰਾਈਫਲਾਂ, 5 ਪਿਸਤੌਲ ਅਤੇ 9 ਮੈਗਜ਼ੀਨ ਬਰਾਮਦ ਕੀਤੇ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫੜੀ ਗਈ 13 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਇਹ ਕਾਰਵਾਈ ਸਫ਼ਲ ਰਹੀ ਹੈ। ਡੀਜੀਪੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਪੰਜਾਬ ਪੁਲਿਸ ਬੀਐਸਐਫ ਦੀ ਮਦਦ ਨਾਲ ਭਾਰਤ-ਪਾਕਿ ਸਰਹੱਦ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਅੰਮ੍ਰਿਤਸਰ ਅਤੇ ਹੋਰ ਥਾਵਾਂ ਤੋਂ ਹਥਿਆਰਾਂ ਦੀ ਖੇਪ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਦੀ ਰਹੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਬੀਐਸਐਫ ਨੇ 12 ਅਤੇ 13 ਜਨਵਰੀ ਦੀ ਦਰਮਿਆਨੀ ਰਾਤ ਨੂੰ ਭਾਰਤ-ਪਾਕਿ ਸਰਹੱਦ ਤੋਂ 6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਅੰਮ੍ਰਿਤਸਰ ਸੈਕਟਰ ਵਿੱਚ ਕੰਡਿਆਲੀ ਤਾਰ ਨੇੜੇ ਹੈਰੋਇਨ ਦੇ ਪੰਜ ਪੈਕਟ ਅਤੇ ਫ਼ਿਰੋਜ਼ਪੁਰ ਸੈਕਟਰ ਵਿੱਚ ਕੰਡਿਆਲੀ ਤਾਰ ਨੇੜਿਓਂ ਹੈਰੋਇਨ ਦੇ ਦੋ ਪੈਕੇਟ ਮਿਲੇ ਹਨ। ਬੀਐਸਐਫ ਨੇ ਹੈਰੋਇਨ ਦੇ ਪੰਜ ਪੈਕਟਾਂ ਵਿੱਚੋਂ 4.760 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਫਿਰੋਜ਼ਪੁਰ ਸੈਕਟਰ ‘ਚ ਕੰਡਿਆਲੀ ਤਾਰ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੇ ਦੋ ਪੈਕਟਾਂ ‘ਚੋਂ 1.3 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਪਾਸੇ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਦੂਜੇ ਪਾਸੇ ਪਾਕਿਸਤਾਨ ਤੋਂ ਹੈਰੋਇਨ ਦੀ ਵੱਡੀ ਖੇਪ ਪੰਜਾਬ ਰਾਹੀਂ ਭਾਰਤ ਭੇਜੀ ਗਈ ਸੀ। ਨਵੰਬਰ 2021 ਤੋਂ ਜਨਵਰੀ 2022 ਤੱਕ ਬੀਐਸਐਫ ਨੇ ਇਕੱਲੇ ਫਿਰੋਜ਼ਪੁਰ ਸੈਕਟਰ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਤੋਂ 100 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਸੀ।