ਅਮਨ ਅਰੋੜਾ ਵੱਲੋਂ ਸੁਨਾਮ ਸ਼ਹਿਰ ਵਿੱਚ ਨਵੀਂ ਬਣ ਰਹੀ ਰੇਹੜੀ ਫੜ੍ਹੀ ਮਾਰਕੀਟ ਦੇ ਕੰਮ ਦਾ ਅਚਨਚੇਤ ਨਿਰੀਖਣ

  • ਸੀਵਰੇਜ ਮੈਨਹੋਲ ਦੇ ਚੈਂਬਰ ਦੇ ਨਿਰਮਾਣ ਵਿੱਚ ਲੱਗ ਰਹੀਆਂ ਪੁਰਾਣੀਆਂ ਇੱਟਾਂ ਦਾ ਸਖ਼ਤ ਨੋਟਿਸ ਲਿਆ
  • ਸਰਕਾਰੀ ਫੰਡਾਂ ਦੀ ਦੁਰਵਰਤੋ ਬਰਦਾਸ਼ਤ ਨਹੀਂ ਹੋਵੇਗੀ – ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, 22 ਜਨਵਰੀ, 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਅੱਜ ਸੁਨਾਮ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਨਵੀਂ ਰੇਹੜੀ ਫੜ੍ਹੀ ਮਾਰਕੀਟ (ਅਤਿ ਆਧੁਨਿਕ ਸਟਰੀਟ ਵੈਡਿੰਗ ਜ਼ੋਨ) ਦੇ ਨਿਰਮਾਣ ਕਾਰਜਾਂ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਸੀਵਰੇਜ ਮੈਨਹੋਲ ਦੇ ਚੈਂਬਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਧਿਆਨ ਨਾਲ ਦੇਖਿਆ ਤਾਂ ਕੁਝ ਥਾਵਾਂ ‘ਤੇ ਪੁਰਾਣੀਆਂ ਇੱਟਾਂ ਦੀ ਵਰਤੋਂ ਕੀਤੀ ਪਾਈ ਗਈ।

ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਭਲੇ ਲਈ ਕਰਵਾਏ ਜਾਣ ਬਹੁ ਪੱਖੀ ਵਿਕਾਸ ਕਾਰਜਾਂ ਲਈ ਜਾਰੀ ਹੋਣ ਵਾਲੇ ਸਰਕਾਰੀ ਫੰਡਾਂ ਦੀ ਦੁਰਵਰਤੋ ਨੂੰ ਹਰ ਪੱਖੋਂ ਰੋਕਿਆ ਜਾਵੇਗਾ। ਉਨ੍ਹਾਂ ਅਨਿਯਮਿਤਤਾਵਾਂ ਦੇ ਮੱਦੇਨਜ਼ਰ ਤੁਰੰਤ ਸਬੰਧਤ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ।

ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੀ ਪਵਿੱਤਰ ਧਰਤੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਆਪਣੇ ਫ਼ਰਜ਼ਾਂ ਨੂੰ ਸਹੀ ਢੰਗ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇਹ ਮੁੱਖ ਟੀਚਾ ਹੈ ਕਿ ਲੋਕਾਂ ਦਾ ਪੈਸਾ 101 ਪ੍ਰਤੀਸ਼ਤ ਇਮਾਨਦਾਰੀ ਅਤੇ ਸਹੀ ਢੰਗ ਨਾਲ ਲੱਗੇ।

ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਸੁਨਾਮ ਵਾਸੀਆਂ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਬਣਨ ਵਾਲੀ ਸਟ੍ਰੀਟ ਵੈਂਡਿੰਗ ਜ਼ੋਨ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਜੋ ਸ਼ਹਿਰ ਵਿੱਚ ਸਬਜ਼ੀ ਅਤੇ ਫਲ ਵਿਕਰੇਤਾਵਾਂ ਲਈ ਇਹ ਮਾਰਕੀਟ ਆਉਣ ਵਾਲੇ ਸਮੇਂ ਵਿੱਚ ਵਰਦਾਨ ਸਾਬਤ ਹੋ ਸਕੇ। ਕੈਬਨਿਟ ਮੰਤਰੀ ਵੱਲੋਂ ਇਹ ਵੈਡਿੰਗ ਜ਼ੋਨ ਤਿੰਨ ਮਹੀਨਿਆਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।

ਇਸ ਮੌਕੇ ਜਤਿੰਦਰ ਜੈਨ, ਯਾਦਵਿੰਦਰ ਸਿੰਘ ਰਾਜਾ ਚੱਠੇ ਨਕਟੇ, ਲਾਭ ਸਿੰਘ ਨੀਲੋਵਾਲ, ਰਾਜਨ ਸਿੰਗਲਾ ਅਤੇ ਸੰਦੀਪ ਜਿੰਦਲ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬੇ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਆਮ ਆਦਮੀ ਕਲੀਨਿਕਾਂ ਬਾਅਦ ਅਗਲਾ ਕਦਮ ਹੋਵੇਗਾ – ਸਿਹਤ ਮੰਤਰੀ

ਇਸ ਸਾਲ 10 IAS ਹੋਣਗੇ ਰਿਟਾਇਰ, 215 ‘ਚੋਂ 46 ਅਸਾਮੀਆਂ ਪਹਿਲਾਂ ਹੀ ਖਾਲੀ