ਮੋਹਾਲੀ, 22 ਜੁਲਾਈ 2022 – ਭਾਜਪਾ ਦੀ ਬੁਲਾਰਾ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯੂਪੀ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੇ ਚਲ ਰਹੇ ਕੇਸਾਂ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ 22 ਮਈ 2019 ਨੂੰ ਯੂਪੀ ਸਰਕਾਰ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਦਾ ਗਠਨ ਕੀਤਾ ਗਿਆ ਅਤੇ ਇਸ ਟੀਮ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਜਾਂਚ ਕਰਦੇ ਹੋਏ 96 ਸ਼ੱਕੀ ਦੋਸ਼ੀਆਂ ਦੀ ਲਿਸਟ ਤਿਆਰ ਕੀਤੀ। ਜਿਨ੍ਹਾਂ ਵਿੱਚੋਂ 23 ਮਰ ਚੁੱਕੇ ਹਨ ਅਤੇ 27 ਦੋਸ਼ੀਆਂ ਨੂੰ SIT ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਬੀਬੀ ਨੇ ਕਿਹਾ ਕਿ 1984 ਵਿਚ ਸਿੱਖ ਕਤਲੇਆਮ ਹੋਇਆ ਪਰ 30 ਸਾਲਾਂ ਤੱਕ ਸਰਕਾਰਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। 2014 ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹੀ ਦੋਸ਼ੀਆਂ ਤੇ ਕਾਰਵਾਈ ਸ਼ੁਰੂ ਹੋਈ। ਜਿਸ ਦੇ ਚਲਦੇ ਯੂਪੀ ਵਿੱਚ ਮਾਰੇ ਗਏ 127 ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰ ਰਹੇ ਹਨ। ਬੀਬੀ ਨੇ ਕਿਹਾ ਕਿ ਮੈਂ ਸਮੂਹ ਸਿੱਖ ਜਗਤ ਵੱਲੋਂ ਯੂਪੀ ਸਰਕਾਰ ਦਾ ਧੰਨਵਾਦ ਕਰਦੀ ਹਾਂ, ਕਿ ਉਨ੍ਹਾਂ ਸਿੱਖਾਂ ਦੇ ਜ਼ਖ਼ਮਾਂ ਨੂੰ ਪਛਾਣਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।