ਲੁਧਿਆਣਾ, 3 ਜੂਨ 2022 – ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਰੋਡ ਦੇ ਉਦਘਾਟਨ ਦੌਰਾਨ ਹੋਏ ਝੜਪ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਇਹ ਮਾਮਲਾ ਪਿਛਲੇ ਸਾਲ 16 ਮਈ ਨੂੰ ਕੋਰੋਨਾ ਦੌਰ ਦੌਰਾਨ ਸਾਹਮਣੇ ਆਇਆ ਸੀ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤਤਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਸਿਮਰਜੀਤ ਬੈਂਸ ਦੇ ਸਮਰਥਕਾਂ ਵਿੱਚ ਗਿੱਲ ਰੋਡ ਜਨਤਾ ਨਗਰ ਵਿੱਚ ਇੱਕ ਸੜਕ ਦੇ ਉਦਘਾਟਨ ਨੂੰ ਲੈ ਕੇ ਝੜਪ ਹੋ ਗਈ। ਇਸ ਦੌਰਾਨ ਇਲਾਕੇ ਦਾ ਮਾਹੌਲ ਵੀ ਵਿਗੜ ਗਿਆ। ਇਸ ਦੇ ਨਾਲ ਹੀ ਗੁਰਦੀਪ ਗੋਸ਼ਾ ਦੀ ਵੀ ਕੁੱਟਮਾਰ ਵੀ ਕੀਤੀ ਗਈ ਸੀ। ਪੁਲੀਸ ਨੇ ਗੁਰਦੀਪ ਗੋਸ਼ਾ, ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਪੁੱਤਰ ਅਜੈਪ੍ਰੀਤ ਸਿੰਘ ਬੈਂਸ ਖ਼ਿਲਾਫ਼ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਅਪਰਾਧਿਕ ਕੇਸ ਦਰਜ ਕੀਤਾ ਸੀ।
ਇਹ ਕੇਸ ਜੁਡੀਸ਼ੀਅਲ ਮੈਜਿਸਟਰੇਟ-1 ਹਰਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਕੇਸ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਬੈਂਸ, ਉਨ੍ਹਾਂ ਦੇ ਪੁੱਤਰ ਅਜੈਪ੍ਰੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਰੇ ਸਾਥੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਵੀਰਵਾਰ ਨੂੰ ਅਦਾਲਤ ਨੇ ਬੈਂਸ, ਉਸ ਦੇ ਪੁੱਤਰ ਅਤੇ ਸਾਥੀਆਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ।
ਦੱਸ ਦਈਏ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਬਲਾਤਕਾਰ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਨੂੰ ਵੀ ਲੋੜੀਂਦਾ ਐਲਾਨ ਦਿੱਤਾ ਹੈ। ਬੈਂਸ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।