— ਹਰਚੰਦ ਸਿੰਘ ਬਰਸਟ ਨੇ ਕਿਹਾ- ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ
— ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ
ਐਸ.ਏ.ਐਸ. ਨਗਰ (ਮੋਹਾਲੀ / ਚੰਡੀਗੜ੍ਹ ) 12 ਅਪ੍ਰੈਲ, 2024 – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਹਾੜੀ ਸੀਜ਼ਨ 2024-25 ਦੌਰਾਨ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਉਣ ਦੀ ਗੱਲ ਤੇ ਜੋਰ ਦਿੰਦਿਆਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਜਿਸਦੇ ਚਲਦਿਆਂ ਹੁਣ ਤੱਕ ਮੰਡੀਆਂ ਵਿੱਚ 5596 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ 2717 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਜਿਸ ਵਿੱਚੋਂ 1793 ਮੀਟ੍ਰਿਕ ਟਨ ਸਰਕਾਰੀ ਅਤੇ 924 ਮੀਟ੍ਰਿਕ ਟਨ ਕਣਕ ਦੀ ਪ੍ਰਾਈਵੇਟ ਪੱਧਰ ਤੇ ਖਰੀਦ ਹੋਈ ਚੁੱਕੀ ਹੈ ਅਤੇ 742 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਵੀ ਹੋ ਗਈ ਹੈ।
ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਹਾੜ੍ਹੀ ਸੀਜ਼ਨ 2024-25 ਦੌਰਾਨ ਕੁੱਲ 1907 ਖਰੀਦ ਕੇਂਦਰ ਅਤੇ 517 ਆਰਜੀ ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ। ਜਿੱਥੇ ਪੰਜਾਬ ਦੇ ਲੋਕਾਂ, ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਅਤੇ ਵਪਾਰੀਆਂ ਲਈ ਖਰੀਦ ਪ੍ਰਬੰਧਾਂ ਨੂੰ ਸਹੀ ਚਲਾਉਣ ਦੇ ਲਈ ਸੁਚੱਝੇ ਪ੍ਰਬੰਧ ਕੀਤੇ ਗਏ ਹਨ, ਜਿਸਦੇ ਚੱਲਦਿਆਂ ਸਾਰੀਆਂ ਮੰਡੀਆਂ ਦੀ ਸਾਫ-ਸਫਾਈ, ਪੀਣ ਯੋਗ ਪਾਣੀ ਦੇ ਪ੍ਰਬੰਧ, ਬਿਜਲੀ ਦੇ ਯੋਗ ਪ੍ਰਬੰਧ, ਬੈਠਣ ਲਈ ਛਾਂ ਅਤੇ ਪਖਾਨਿਆ ਦਾ ਪ੍ਰਬੰਧ ਕੀਤਾ ਗਿਆ ਹੈ। ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਜਿਲ੍ਹਾਂ ਮੰਡੀ ਅਫ਼ਸਰਾਂ ਨੂੰ ਨਿੱਜੀ ਪੱਧਰ ਤੇ ਚੈਕਿੰਗ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਨਾਲ ਹੀ ਚੈਕਿੰਗ ਦੇ ਲਈ ਮੁੱਖ ਦਫ਼ਤਰ ਪੱਧਰ ਤੇ ਫਲਾਇੰਗ ਸੁਕਾਇਡ ਟੀਮ ਵੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਮੰਡੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਂਦਾ ਹੈ। ਪਿਛਲੇ ਸਾਲ 1860 ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਸਨ ਅਤੇ ਇਸ ਸਾਲ 1907 ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਨਾਲੋਂ 47 ਖ੍ਰੀਦ ਕੇਂਦਰ ਵੱਧ ਹਨ ਅਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਜਨਤਕ ਥਾਵਾਂ ਤੇ 517 ਆਰਜੀ ਖਰੀਦ ਕੇਂਦਰ ਵੀ ਐਲਾਨੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ, ਵਪਾਰੀਆਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਮੰਡੀ ਬੋਰਡ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਅਤੇ ਵਪਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਕੇ ਹੀ ਕੰਮ ਕਰਦਾ ਹੈ। ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।