- ਪਟਿਆਲਾ ਜੇਲ੍ਹ ਵਿੱਚ ਬੰਦ ਹੈ ਆਸ਼ੂ
- ਵਿਜੀਲੈਂਸ ਨੇ 22 ਸਤੰਬਰ ਨੂੰ ਲੁਧਿਆਣਾ ਵਿੱਚ ਦਰਜ ਕੀਤੀ ਸੀ ਐਫ.ਆਈ.ਆਰ.
ਪਟਿਆਲਾ, 10 ਨਵੰਬਰ 2022 – ਪੰਜਾਬ ਵਿੱਚ ਅਨਾਜ ਦੀ ਢੋਆ-ਢੁਆਈ ਨਾਲ ਸਬੰਧਤ ਟੈਂਡਰ ਘੁਟਾਲੇ ਵਿੱਚ ਫਸੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 22 ਸਤੰਬਰ ਨੂੰ ਦਰਜ ਇੱਕ ਹੋਰ ਐਫਆਈਆਰ ਵਿੱਚ ਵੀ ਰਾਹਤ ਨਹੀਂ ਮਿਲ ਸਕੀ। ਹਾਈ ਕੋਰਟ ਦੇ ਜਸਟਿਸ ਰਾਜਮੋਹਨ ਸਿੰਘ ਨੇ ਆਸ਼ੂ ਵੱਲੋਂ ਕੇਸ ਨੂੰ ਰੱਦ ਕਰਨ ਲਈ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਨੂੰ ਕਿਸੇ ਹੋਰ ਬੈਂਚ ਕੋਲ ਭੇਜਣ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਵੀ 16 ਅਗਸਤ ਨੂੰ ਲੁਧਿਆਣਾ ਵਿੱਚ ਵਿਜੀਲੈਂਸ ਵੱਲੋਂ ਦਰਜ ਐਫਆਈਆਰ ਵਿੱਚ ਆਸ਼ੂ ਖ਼ਿਲਾਫ਼ ਜ਼ਮਾਨਤ ਨਹੀਂ ਦਿੱਤੀ ਸੀ। ਫਿਰ 22 ਸਤੰਬਰ ਨੂੰ ਲੁਧਿਆਣਾ ‘ਚ ਹੀ ਵਿਜੀਲੈਂਸ ਨੇ ਆਸ਼ੂ ਖਿਲਾਫ ਇਕ ਹੋਰ ਐੱਫ.ਆਈ.ਆਰ. ਦਰਜ ਕੀਤੀ ਸੀ। ਆਸ਼ੂ ਨੇ ਇਸ ਐਫਆਈਆਰ ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮੁਲਜ਼ਮ ਆਸ਼ੂ ਅਤੇ ਕਾਂਗਰਸੀ ਕੌਂਸਲਰ ਦੇ ਕਰੀਬੀ ਗਗਨਦੀਪ ਸਿੰਘ ਸੰਨੀ ਭੱਲਾ ਨੂੰ 12 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਰ 13 ਅਕਤੂਬਰ ਨੂੰ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ।
ਵਿਜੀਲੈਂਸ ਨੇ ਠੇਕੇਦਾਰ ਗੁਰਪ੍ਰੀਤ ਸਿੰਘ ਦੇ ਬਿਆਨਾਂ ‘ਤੇ ਮਾਮਲੇ ਦੀ ਕਾਰਵਾਈ ਕੀਤੀ ਹੈ। ਗੁਰਪ੍ਰੀਤ ਦਾ ਕਹਿਣਾ ਸੀ ਕਿ ਲੁਧਿਆਣਾ ਦੀਆਂ ਅਨਾਜ ਮੰਡੀਆਂ ਦੀ ਢੋਆ-ਢੁਆਈ ਵਿੱਚ ਗੜਬੜੀ ਹੋਈ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਵਿਜੀਲੈਂਸ ਨੇ 16 ਅਗਸਤ ਨੂੰ ਅਨਾਜ ਦੀ ਢੋਆ-ਢੁਆਈ ਵਿੱਚ ਘੁਟਾਲੇ ਦਾ ਕੇਸ ਦਰਜ ਕੀਤਾ ਸੀ। ਅਗਲੇ ਹੀ ਦਿਨ ਠੇਕੇਦਾਰ ਤੇਲੂ ਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 22 ਅਗਸਤ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸੈਲੂਨ ਵਿੱਚ ਵਾਲ ਕਟਵਾਉਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਸੀ। ਆਸ਼ੂ ਇਸ ਸਮੇਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਵਿਜੀਲੈਂਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਆਸ਼ੂ ਦੇ ਖੁਰਾਕ ਤੇ ਸਪਲਾਈ ਮੰਤਰੀ ਦੇ ਕਾਰਜਕਾਲ ਦੌਰਾਨ ਠੇਕੇਦਾਰਾਂ ਨੂੰ ਲੁਧਿਆਣਾ ਦੀਆਂ ਮੰਡੀਆਂ ਵਿੱਚੋਂ ਅਨਾਜ ਦੀ ਢੋਆ-ਢੁਆਈ ਲਈ ਭੇਜਿਆ ਗਿਆ ਸੀ। ਵਿਜੀਲੈਂਸ ਬਿਊਰੋ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਅਨਾਜ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਵਾਹਨਾਂ ਲਈ ਸਕੂਟਰ-ਮੋਟਰਸਾਈਕਲ ਅਤੇ ਕਾਰਾਂ ਦੇ ਜਾਅਲੀ ਨੰਬਰ ਲਾਏ ਜਾਂਦੇ ਹਨ।