- ਏਐਸਆਈ ਤੁਰੰਤ ਪ੍ਰਭਾਵ ਨਾਲ ਮੁਅੱਤਲ
ਲੁਧਿਆਣਾ, 4 ਜੂਨ 2023 – ਲੁਧਿਆਣਾ ‘ਚ ਲੋਕਾਂ ਨੇ ਰਿਸ਼ਵਤ ਲੈਣ ਵਾਲੇ ASI ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਮੁਲਾਜ਼ਮ ਆਟੋ ਚਾਲਕ ਤੋਂ 1500 ਰੁਪਏ ਰਿਸ਼ਵਤ ਲੈ ਰਿਹਾ ਸੀ। ਲੋਕਾਂ ਨੇ ਰਿਸ਼ਵਤ ਦੇ ਪੈਸੇ ਫੋਟੋਸਟੇਟ ਕਰਵਾ ਲਏ ਸਨ। ਫਿਰ ਬਾਅਦ ‘ਚ ਲੋਕਾਂ ਨੇ ਕੈਮਰਿਆਂ ਦੇ ਸਾਹਮਣੇ ਪੁਲਸ ਅਧਿਕਾਰੀ ਦੀ ਕਾਰ ‘ਚੋਂ 1500 ਰੁਪਏ ਬਰਾਮਦ ਕੀਤੇ।
ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਏਐਸਆਈ ਗੁਰਮੀਤ ਸਿੰਘ ਥਾਣਾ ਸੁਧਾਰ ‘ਚ ਤਾਇਨਾਤ ਸਨ।
ਦਰਅਸਲ ਆਟੋ ਚਾਲਕ ਨੇ ਗੁਰਮੀਤ ਸਿੰਘ ‘ਤੇ ਦੋਸ਼ ਲਗਾਇਆ ਕਿ ਉਸ ਨੇ ਆਟੋ ਛੱਡਣ ਤੋਂ ਕੁਝ ਦਿਨ ਪਹਿਲਾਂ ਉਸ ਨੂੰ 2500 ਰੁਪਏ ਦਿੱਤੇ ਸਨ। ਹੁਣ ਫਿਰ ਪੁਲਿਸ ਮੁਲਾਜ਼ਮ ਉਸ ਤੋਂ 2500 ਰੁਪਏ ਮੰਗ ਰਿਹਾ ਸੀ ਪਰ ਉਸ ਨੇ 1500 ਰੁਪਏ ਇਕੱਠੇ ਕਰਕੇ ਉਸ ਨੂੰ ਦੇ ਦਿੱਤੇ।

ਆਟੋ ਚਾਲਕ ਨੇ ਸਮਾਜ ਸੇਵੀ ਦੀ ਮਦਦ ਨਾਲ ਏਐਸਆਈ ਨੂੰ ਰਿਸ਼ਵਤ ਵਜੋਂ ਦਿੱਤੇ ਨੋਟਾਂ ਦੀ ਫੋਟੋ ਕਾਪੀ ਕਰਵਾ ਲਈ। ਇਸ ਦੌਰਾਨ ਉਨ੍ਹਾਂ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਅਧਿਕਾਰੀਆਂ ਨੇ ਏ.ਐਸ.ਆਈ. ਤੋਂ ਰਿਸ਼ਵਤ ਵਾਲੇ ਨੋਟ ਬਰਾਮਦ ਕੀਤੇ।
ਪੁਲੀਸ ਅਨੁਸਾਰ ਹਲਵਾਰਾ ਦੇ ਪ੍ਰਿਤਪਾਲ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਆਪਣਾ ਆਟੋ ਇੱਕ ਵਿਅਕਤੀ ਨੂੰ ਵੇਚਿਆ ਸੀ। ਖਰੀਦਦਾਰ ਨੇ ਪ੍ਰਿਤਪਾਲ ਸਿੰਘ ਨੂੰ ਇੱਕ ਚੈੱਕ ਦਿੱਤਾ ਜੋ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ। ਇਹ ਮਹਿਸੂਸ ਕਰਦੇ ਹੋਏ ਕਿ ਉਸ ਨਾਲ ਧੋਖਾ ਹੋਇਆ ਹੈ, ਪ੍ਰਿਤਪਾਲ ਨੇ ਸੁਧਾਰ ਸਟੇਸ਼ਨ ‘ਤੇ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਫਾਇਦਾ ਨਹੀਂ ਹੋਇਆ। ਪ੍ਰਿਤਪਾਲ ਨੇ ਆਪਣੇ ਆਟੋ ਨੂੰ ਹਲਵਾਰਾ ਦੀਆਂ ਸੜਕਾਂ ‘ਤੇ ਚਲਦਾ ਦੇਖਿਆ, ਜਦੋਂ ਉਸ ਨੇ ਆਟੋ ਚਾਲਕ ਨੂੰ ਰੋਕਿਆ ਤਾਂ ਦੇਖਿਆ ਕਿ ਉਕਤ ਵਿਅਕਤੀ ਅੱਗੇ ਵਾਹਨ ਵੇਚ ਚੁੱਕਾ ਹੈ।
ਪ੍ਰਿਤਪਾਲ ਆਟੋ ਅਤੇ ਡਰਾਈਵਰ ਨਾਲ ਥਾਣਾ ਸੁਧਾਰ ਵਿਖੇ ਪਹੁੰਚ ਗਿਆ। ਇੱਥੇ ਏਐਸਆਈ ਗੁਰਮੀਤ ਸਿੰਘ ਨੂੰ ਮਿਲਿਆ, ਜਿਸ ਨੇ ਉਸ ਕੋਲੋਂ ਗੱਡੀ ਦਾ ਕਬਜ਼ਾ ਦਿਵਾਉਣ ਲਈ 2500 ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸ ਦੀ ਅਦਾਇਗੀ ਪ੍ਰਿਤਪਾਲ ਵੱਲੋਂ ਕੀਤੀ ਗਈ। ਬਾਅਦ ਵਿੱਚ ਏਐਸਆਈ ਨੇ 2500 ਰੁਪਏ ਹੋਰ ਮੰਗੇ, ਜਿਸ ਤੋਂ ਬਾਅਦ ASI ਦਾ ਸਟਿੰਗ ਆਪ੍ਰੇਸ਼ਨ ਕਰਕੇ ਲੋਕਾਂ ਨੇ ਰੰਗੇ ਹੱਥੀਂ ਫੜਿਆ।
ਲੁਧਿਆਣਾ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਰਿਸ਼ਵਤਖੋਰੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਏਐਸਆਈ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਐਸਪੀ ਹੈੱਡਕੁਆਰਟਰ ਮਾਮਲੇ ਦੀ ਜਾਂਚ ਕਰ ਰਹੇ ਹਨ।
