ਹੁਸ਼ਿਆਰਪੁਰ, 10 ਸਤੰਬਰ 2022 – ਹੁਸ਼ਿਆਰਪੁਰ ਜ਼ਿਲ੍ਹੇ ਅਧੀਨ ਥਾਣਾ ਟਾਂਡਾ ਦੇ ਏ.ਐੱਸ.ਆਈ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਥਾਣੇਦਾਰ ਸਤੀਸ਼ ਕੁਮਾਰ ਵਜੋਂ ਹੋਈ ਹੈ। ਸਤੀਸ਼ ਕੁਮਾਰ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਹੈ, ਜਿਸ ਵਿਚ ਉਸ ਨੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਪੁਲਸ ਅਧਿਕਾਰੀ ਦਾ ਨਾਮ ਵੀ ਲਿਆ ਹੈ। ਇਸ ਦੇ ਇਲਾਵਾ ਉਸ ਨੇ ਸੁਸਾਈਡ ਨੋਟ ਵੀ ਲਿਖਿਆ ਹੈ। ਏ.ਐੱਸ.ਆਈ ਨੇ ਸੁਸਾਈਡ ਨੋਟ ਵਿਚ ਐਸ.ਐਚ.ਓ ਥਾਣਾ ਟਾਂਡਾ ‘ਤੇ ਜ਼ਲੀਲ ਕਰਨ ਦੇ ਦੋਸ਼ ਲਗਾਏ ਹਨ।
ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿਚ ਸਤੀਸ਼ ਕੁਮਾਰ ਨੇ ਦੱਸਿਆ ਕਿ 8 ਸਤੰਬਰ ਨੂੰ ਉਹ ਥਾਣਾ ਹਰਿਆਣਾ ਵਿਖੇ ਬਤੌਰ ਡਿਊਟੀ ਅਫ਼ਸਰ ਵਜੋਂ ਮੌਜੂਦ ਸੀ ਤਾਂ ਰਾਤ 2 ਵਜੇ ਓਂਕਾਰ ਸਿੰਘ ਐੱਸ. ਐੱਚ. ਓ. ਟਾਂਡਾ ਚੈਕਿੰਗ ਕਰਨ ਲਈ ਆਏ ਸਨ। ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਮੈਂ 10 ਮਿੰਟ ਤੱਕ ਉਨ੍ਹਾਂ ਦੇ ਕੋਲ ਗਿਆ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਸਵੇਰੇ ਹਾਈਕੋਰਟ ਮੈਟਰ ਕਿੰਨੇ ਲੱਗੇ ਹਨ ਅਤੇ ਮੇਰੇ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਕ ਹੀ ਹਾਈਕੋਰਟ ਮੈਟਰ ਲੱਗਾ ਹੈ।
ਉਨ੍ਹਾਂ ਕਿਹਾ ਕਿ ਹੋਰ ਵੀ ਮੇਰੇ ਕੋਲ ਉਹ ਸਵਾਲ ਪੁੱਛੇ ਗਏ ਜੋ ਮੇਰੀ ਡਿਊਟੀ ਨਾਲ ਸਬੰਧਤ ਨਹੀਂ ਸਨ। ਇਸ ਦੌਰਾਨ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ ਅਤੇ ਓਂਕਾਰ ਸਿੰਘ ਨੇ ਕਿਹਾ ਕਿ ਮੈਨੂੰ ਕੁਝ ਵੀ ਨਹੀਂ ਪਤਾ ਹੈ। ਇਸ ਦੇ ਇਲਾਵਾ ਮੈਨੂੰ ਮਾਂ-ਭੈਣ ਦੀਆਂ ਗਾਲ੍ਹਾਂ ਵੀ ਕੱਢੀਆਂ ਗਈਆਂ। ਮੈਂ ਉਨ੍ਹਾਂ ਨੂੰ ਆਖਿਆ ਕਿ ਜ਼ਲੀਲ ਕਰਨ ਨਾਲੋਂ ਚੰਗਾ ਹੈ ਕਿ ਮੈਨੂੰ ਗੋਲ਼ੀ ਹੀ ਮਾਰ ਦਿਓ। ਉਹ ਜਾਂਦੇ ਸਮੇਂ ਮੇਰੇ ਖ਼ਿਲਾਫ਼ ਰੋਜ਼ਨਾਮਚੇ ਵਿਚ ਰਿਪੋਰਟ ਵੀ ਲਿਖਵਾ ਗਏ। ਇਸ ਸਬੰਧੀ ਮੈਂ ਆਪਣੇ ਐੱਸ. ਐੱਚ. ਓ. ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਵੀ ਇਹੀ ਕਿਹਾ ਕਿ ਐੱਸ. ਐੱਚ. ਓ. ਟਾਂਡਾ ਓਂਕਾਰ ਸਿੰਘ ਨੇ ਬੇਹੱਦ ਮਾੜਾ ਕੀਤਾ ਹੈ।