ਲੁਧਿਆਣਾ, 23 ਜੂਨ 2024 – ਬੀਤੀ ਰਾਤ ਲੁਧਿਆਣਾ ਵਿੱਚ ਇੱਕ ਸ਼ਰਾਬੀ ASI ਨੇ ਇੱਕ ਤੇਜ਼ ਰਫ਼ਤਾਰ ਕਾਰ ਨਾਲ ਸੜਕ ਕਿਨਾਰੇ ਆਈਸਕ੍ਰੀਮ ਖਾ ਰਹੇ ਪੀਸੀਆਰ ਸਕੁਐਡ ਦੇ ਮੁਲਾਜ਼ਮਾਂ ਨੂੰ ਕੁਚਲ ਦਿੱਤਾ ਅਤੇ ਉਨ੍ਹਾਂ ਨੂੰ ਕਾਰ ਨਾਲ ਕਰੀਬ 15 ਮੀਟਰ ਤੱਕ ਘੜੀਸ ਕੇ ਲੈ ਗਿਆ।
ਇਸ ਹਾਦਸੇ ਵਿੱਚ ਇੱਕ ਪੁਲੀਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇੱਕ ਹੋਰ ਮੁਲਾਜ਼ਮ ਦੀ ਲੱਤ ਵੀ ਟੁੱਟ ਗਈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਮ ਆਕਾਸ਼ਦੀਪ ਹੈ।
ਆਕਾਸ਼ਦੀਪ ਦਾ ਸਿਰ ਕਾਰ ਦੇ ਟਾਇਰ ਹੇਠਾਂ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਖ਼ਮੀ ਸਾਥੀ ਏਐਸਆਈ ਸਤਨਾਮ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਟੀਮ ਨੇ ਮੁਲਜ਼ਮ ਪੁਲੀਸ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਉਸੇ ਰਾਤ ਗ੍ਰਿਫ਼ਤਾਰ ਕਰ ਲਿਆ।
ਏਐਸਆਈ ਬਲਵਿੰਦਰ ਸਿੰਘ ਥਾਣਾ ਡਵੀਜ਼ਨ ਨੰਬਰ 2 ਵਿੱਚ ਤਾਇਨਾਤ ਹੈ। ਉਹ ਬੀਤੀ ਰਾਤ ਕਰੀਬ 12.30 ਵਜੇ ਜਲੰਧਰ ਬਾਈਪਾਸ ਤੋਂ ਆ ਰਿਹਾ ਸੀ। ਨਸ਼ੇ ਦੀ ਹਾਲਤ ਵਿੱਚ ਉਸ ਨੇ ਪੁਲੀਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਜ਼ਖਮੀ ਪੁਲਸ ਮੁਲਾਜ਼ਮਾਂ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਸਵਿਫਟ ਕਾਰ ‘ਚ ਜਾ ਰਹੇ ਏ.ਐੱਸ.ਆਈ ਬਲਵਿੰਦਰ ਸਿੰਘ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ।
ਹਾਦਸੇ ਸਮੇਂ ਉਹ ਸਿਵਲ ਡਰੈੱਸ ‘ਚ ਸੀ। ਦੋਸ਼ੀਆਂ ਨੂੰ ਫੜਨ ਤੋਂ ਬਾਅਦ ਲੋਕਾਂ ਨੇ ਤੁਰੰਤ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਸੂਚਨਾ ਦਿੱਤੀ। ਐਸਐਚਓ ਜੈਦੀਪ ਜਾਖੜ ਮੌਕੇ ’ਤੇ ਪੁੱਜੇ। ਉਹ ਤੁਰੰਤ ਜ਼ਖ਼ਮੀ ਏਐਸਆਈ ਅਤੇ ਹੈੱਡ ਕਾਂਸਟੇਬਲ ਅਕਾਸ਼ਦੀਪ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲੈ ਗਏ। ਡਾਕਟਰਾਂ ਨੇ ਅਕਾਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਅਕਾਸ਼ਦੀਪ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ। ਉਹ ਮੂਲ ਰੂਪ ਵਿੱਚ ਨੇੜਲੇ ਸ਼ਹਿਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ। ਆਕਾਸ਼ਦੀਪ ਦੇ ਦੋ ਬੱਚੇ ਹਨ।