ਲੁਧਿਆਣਾ, 2 ਜੁਲਾਈ 2023 – ਲੁਧਿਆਣਾ ‘ਚ ਸੜਕ ਹਾਦਸੇ ‘ਚ ASI ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮੁਲਾਜ਼ਮ ਚੌਕੀ ਤੋਂ ਥਾਣਾ ਸਿੱਧਵਾਂ ਬੇਟ ਵੱਲ ਜਾ ਰਿਹਾ ਸੀ। ਰਸਤੇ ਵਿੱਚ ਗੁਰਦੁਆਰਾ ਭੋਰਾ ਸਾਹਿਬ ਕਿਸ਼ਨਪੁਰਾ ਰੋਡ ਨੇੜੇ ਰਾਤ ਨੂੰ 9 ਵਜੇ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਅਧਿਕਾਰੀ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ।
ਥਾਣਾ ਸਿੱਧਵਾਂ ਬੇਟ ਵਿਖੇ ਏ.ਐਸ.ਆਈ ਹਰਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਡਿਊਟੀ ਖਤਮ ਕਰਕੇ ਵਾਪਸ ਘਰ ਜਾ ਰਿਹਾ ਸੀ। ਰਸਤੇ ਵਿੱਚ ਉਸ ਨੂੰ ਇੱਕ ਸਪਲੈਂਡਰ ਬਾਈਕ ਸਵਾਰ ਹਾਦਸਾਗ੍ਰਸਤ ਹਾਲਤ ਵਿੱਚ ਮਿਲਿਆ। ਜਿਸ ਦੇ ਕਾਫੀ ਸੱਟਾਂ ਲੱਗੀਆਂ ਸਨ। ਹਰਵਿੰਦਰ ਅਨੁਸਾਰ ਜਦੋਂ ਉਸ ਨੇ ਜ਼ਖ਼ਮੀ ਦੀ ਪਛਾਣ ਕੀਤੀ ਤਾਂ ਇਹ ਏ.ਐਸ.ਆਈ. ਜਰਨੈਲ ਸਿੰਘ ਸੀ। ਜੋ ਕਿ ਗਿੰਦੜਵਿੰਡੀ ਸਾਈਸ ਤੋਂ ਥਾਣਾ ਸਿੱਧਵਾਂ ਬੇਟ ਵੱਲ ਜਾ ਰਿਹਾ ਸੀ।
ਹਰਵਿੰਦਰ ਅਨੁਸਾਰ ਉਸ ਨੇ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਨੂੰ ਸੂਚਿਤ ਕੀਤਾ। ਜ਼ਖ਼ਮੀ ਜਰਨੈਲ ਨੂੰ ਸਿਵਲ ਹਸਪਤਾਲ ਜਗਰਾਉਂ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਅਣਪਛਾਤੇ ਵਾਹਨ ਚਾਲਕ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 279,337,427,304-ਏ ਤਹਿਤ ਕੇਸ ਦਰਜ ਕਰ ਲਿਆ ਹੈ।