ਬਠਿੰਡਾ, 4 ਮਈ 2025 – ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਆਈ. ਆਰ. ਬੀ. ਦੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਕੋਲੋਂ ਜੇਲ੍ਹ ਅਧਿਕਾਰੀਆਂ ਨੇ 41 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਚਿੱਟੇ ਦਾ ਇਹ ਨਸ਼ੀਲਾ ਪਦਾਰਥ ਸ਼ਿਫ਼ਟ ਤਬਦੀਲੀ ਵੇਲੇ ਤਲਾਸ਼ੀ ਦੌਰਾਨ ਹੋਇਆ। ਗ੍ਰਿਫ਼ਤਾਰ ਏ .ਐੱਸ. ਆਈ. ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਕੋਲੋਂ 41 ਗ੍ਰਾਮ ਚਿੱਟਾ ਫੜਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਾਈ ਸਕਿਓਰਿਟੀ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਕੈਟਾਗਿਰੀ ਏ ਅਤੇ ਕੈਟਾਗਿਰੀ ਬੀ ਦੇ ਨਾਮੀ ਗੈਂਗਸਟਰ ਬੰਦ ਹਨ।
ਜ਼ਿਕਰਯੋਗ ਹੈ ਕਿ ਇਸ ਦੇ ਪਹਿਲਾਂ ਬਠਿੰਡਾ ‘ਚ ਹੀ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ‘ਇੰਸਟਾ ਕੁਈਨ’ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਸ ਨੂੰ 2 ਅਪ੍ਰੈਲ ਨੂੰ 17.71 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਸੂਬੇ ਭਰ ਵਿੱਚ ਸੁਰਖੀਆਂ ਵਿੱਚ ਰਿਹਾ ਸੀ। ਅਮਨਦੀਪ ਕੌਰ ਨੂੰ ਸੋਸ਼ਲ ਮੀਡੀਆ ‘ਤੇ ‘ਇੰਸਟਾ ਕੁਈਨ’ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਦੇ ਹਜ਼ਾਰਾਂ ਫਾਲੋਅਰਜ਼ ਹਨ।

