ਜਗਰਾਓਂ, 27 ਜੁਲਾਈ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਜਗਰਾਓਂ ਕਸਬੇ ਵਿੱਚ ਸ਼ਾਮ 7.30 ਵਜੇ ਦੇ ਕਰੀਬ ਇੱਕ ASI ਦੀ ਬੰਦੂਕ ‘ਚ ਅਚਾਨਕ ਗੋਲੀ ਚੱਲਣ ਨਾਲ ASI ਜ਼ਖਮੀ ਹੋ ਗਿਆ। ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਏਐਸਆਈ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸੀ ਅਤੇ ਡਿਊਟੀ ’ਤੇ ਜਾਣ ਤੋਂ ਪਹਿਲਾਂ ਆਪਣੀ ਬੰਦੂਕ ਦੀ ਜਾਂਚ ਕਰ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ।
ਗੈਂਗਸਟਰਾਂ ਦੇ ਖਾਤਮੇ ਲਈ ਕਾਂਗਰਸ ਦੇ ਕਾਰਜਕਾਲ ਦੌਰਾਨ ਕਵਿੱਕ ਰਿਸਪਾਂਸ ਟੀਮ ਬਣਾਈ ਗਈ ਸੀ। ਮ੍ਰਿਤਕ ਏ.ਐਸ.ਆਈ. ਬੁਲੇਟ ਪਰੂਫ ਗੱਡੀ ਵਿੱਚ ਸਵਾਰ ਹੋ ਕੇ ਗਸ਼ਤ ਕਰਦਾ ਸੀ। ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (50) ਵਜੋਂ ਹੋਈ ਹੈ। ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਸ ਲਾਈਨ ਪੁੱਜੀ ਤਾਂ ਪੁਲਸ ਮੁਲਾਜ਼ਮਾਂ ‘ਚ ਹੜਕੰਪ ਮਚ ਗਿਆ।
ਕੁਲਜੀਤ ਨੂੰ ਗੋਲੀ ਲੱਗੀ ਸੀ ਅਤੇ ਉਹ ਜ਼ਮੀਨ ‘ਤੇ ਪਿਆ ਸੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕੁਲਜੀਤ ਨੂੰ ਹਸਪਤਾਲ ਪਹੁੰਚਾਇਆ, ਪਰ ਜਲਦੀ ਹੀ ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ। ਕੁਲਜੀਤ ਦੀ ਡਿਊਟੀ 8 ਵਜੇ ਸ਼ੁਰੂ ਹੋਣੀ ਸੀ। ਡੀਐਸਪੀ ਸਤਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਪੁਲੀਸ ਮੁਲਾਜ਼ਮ ਡਿਊਟੀ ’ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ। ਕੁਲਜੀਤ ਵੀ ਇਹੀ ਕਰ ਰਿਹਾ ਸੀ।
ਡੀਐਸਪੀ ਸਤਵਿੰਦਰ ਸਿੰਘ ਅਨੁਸਾਰ ਚੈਕਿੰਗ ਦੌਰਾਨ ਏਐਸਆਈ ਕੁਲਜੀਤ ਸਿੰਘ ਦੀ ਬੰਦੂਕ ’ਤੇ ਅਚਾਨਕ ਗੋਲੀ ਚੱਲ ਗਈ। ਕੁਲਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪਰਿਵਾਰ ਨੂੰ ਹਾਦਸੇ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ।