ਚੰਡੀਗੜ੍ਹ, 6 ਮਾਰਚ 2023 – ਅੱਜ ਚੱਲ ਰਹੀ ਵਿਧਾਨ ਸਭਾ ਦੇ ਸੈਸ਼ਨ ਦਾ ਦੂਜਾ ਦਿਨ ਹੈ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ‘ਆਪ’ ਪੰਜਾਬ ਦੇ ਸਾਰੇ ਵਿਧਾਇਕ ਇਕ ਤੋਂ ਬਾਅਦ ਇਕ ਸਦਨ ’ਚ ਪਹੁੰਚੇ, ਪਰ ਕਈ ਮੰਤਰੀ ਅਤੇ ਵਿਧਾਇਕ ਗ਼ੈਰਹਾਜ਼ਰ ਵੀ ਰਹੇ।
ਜਦੋਂ ਸੈਸ਼ਨ ਦੌਰਾਨ ਸਵਾਲ ਦਾ ਜਵਾਬ ਦੇਣ ਲਈ ਮੰਤਰੀ ਸਾਹਿਬ ਗੈਰ ਹਾਜ਼ਰ ਸੀ ਤਾਂ ਇਸ ਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗ਼ੈਰ-ਹਾਜ਼ਰ ਮੰਤਰੀਆਂ ਤੇ ਵਿਧਾਇਕਾਂ ਦਾ ਗੰਭੀਰ ਨੋਟਿਸ ਲਿਆ। ਇਸ ਮੌਕੇ ਸਪੀਕਰ ਵੱਲੋਂ ਕਿਹਾ ਗਿਆ ਕਿ ਮੰਤਰੀ ਸਾਹਿਬਾਨ ਸਦਨ ਵਿੱਚ ਹਾਜ਼ਰੀ ਯਕੀਨੀ ਬਣਾਉਣ ਕਿਸੇ ਨੂੰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਉਹ ਆਪਣੀ ਥਾਂ ਤੇ ਕਿਸੇ ਮੰਤਰੀ ਨੂੰ ਅਧਿਕਾਰਤ ਕਰਕੇ ਜਾਣ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੈਸ਼ਨ ਦੌਰਾਨ ਸੱਤਾਧਾਰੀ ਧਿਰ ਦੇ ਡੇਢ ਦਰਜਨ ਤੋਂ ਵਧੇਰੇ ਵਿਧਾਇਕ ਗ਼ੈਰ ਹਾਜ਼ਰ ਸਨ। ਜਦ ਕਿ ਅਕਾਲੀ ਦਲ ਦੇ ਵਿਧਾਇਕ ਗਨੀਵ ਕੌਰ ਮਜੀਠੀਆ ਗੈਰ ਹਾਜਰ ਰਹੇ। ਵਿਧਾਨ ਸਭਾ ਦੇ ਸੈਸ਼ਨ ਵਿਚ ਅੱਜ ਸਵੇਰ ਦੇ ਸ਼ੈਸ਼ਨ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਚੇਤਨ ਸਿੰਘ ਜੋੜੇਮਾਜਰਾ ਗੈਰ ਹਾਜ਼ਰ ਸਨ।