ਪਟਿਆਲਾ, 29 ਜਨਵਰੀ 2023 – ਪਟਿਆਲਾ ਜੇਲ੍ਹ ਵਿੱਚ ਤਾਇਨਾਤ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਮਗਰੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਕੈਦੀ ਨੇ ਦੋਸ਼ ਲਾਇਆ ਹੈ ਕਿ ਕਮਲਜੀਤ ਸਿੰਘ ਉਸ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ। ਇਹ ਉਹੀ ਜੇਲ੍ਹ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਕੈਦ ਹੈ। ਉਹ ਇੱਥੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਦੋਸ਼ ਲਾਇਆ ਕਿ ਸਹਾਇਕ ਸੁਪਰਡੈਂਟ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਪੈਸੇ ਨਾ ਦੇਣ ਕਾਰਨ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸ਼ਿਕਾਇਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਦੋਸ਼ੀ ਪਾਇਆ ਗਿਆ। ਜਿਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਕਰਦੇ ਹੋਏ ਜੇਲ ਸੁਪਰਡੈਂਟ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ।
ਜੇਲ੍ਹ ਦੇ ਵਧੀਕ ਸੁਪਰਡੈਂਟ ਹਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੇ ਹੁਕਮ ਮਿਲਦਿਆਂ ਹੀ ਕਮਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕੀਤੀ ਹੈ, ਇਸ ਲਈ ਉਹ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।
ਨਵਜੋਤ ਸਿੰਘ ਸਿੱਧੂ ਪਿਛਲੇ 8 ਮਹੀਨਿਆਂ ਤੋਂ ਪੰਜਾਬ ਦੀ ਇਸ ਜੇਲ੍ਹ ਵਿੱਚ ਬੰਦ ਹੈ। ਰੋਡ ਰੇਜ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਨੂੰ 38 ਸਾਲ ਬਾਅਦ ਸੁਪਰੀਮ ਕੋਰਟ ਨੇ ਸਜ਼ਾ ਸੁਣਾਈ ਹੈ। ਇਹ ਜੇਲ੍ਹ ਕੁਝ ਸਮਾਂ ਪਹਿਲਾਂ ਮੁੜ ਸੁਰਖੀਆਂ ਵਿੱਚ ਆਈ ਸੀ। ਜਦੋਂ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦਾ ਮੁੱਦਾ ਉਠਿਆ ਸੀ।
26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਲਈ ਵੀ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਉਹ ਜੇਲ੍ਹ ਤੋਂ ਬਾਹਰ ਨਹੀਂ ਆਏ। ਉਸ ਦੀ ਅਤੇ ਹੋਰ ਕੈਦੀਆਂ ਦੀ ਫਾਈਲ ਨੂੰ ਅਜੇ ਤੱਕ ਕੈਬਨਿਟ ਨੇ ਮਨਜ਼ੂਰੀ ਨਹੀਂ ਦਿੱਤੀ ਅਤੇ ਨਾ ਹੀ ਇਹ ਫਾਈਲ ਰਾਜਪਾਲ ਕੋਲ ਦਸਤਖਤ ਲਈ ਗਈ ਹੈ। ਉਦੋਂ ਤੋਂ ਹੀ ਉਨ੍ਹਾਂ ਦੀ ਪਤਨੀ ਡਾ: ਨਵਜੋਤ ਕੌਰ ਲਗਾਤਾਰ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ।