- ਕਿਹਾ ਕਿ ਖਾਲੀ ਕੁਰਸੀ ਇਸ ਗੱਲ ਦਾ ਪ੍ਰਮਾਣ ਕਿ ਆਪ ਨੂੰ ਕੇਜਰੀਵਾਲ ਰਿਮੋਰਟ ਨਾਲ ਚਲਾ ਰਹੇ ਹਨ
ਚੰਡੀਗੜ੍ਹ, 24 ਸਤੰਬਰ 2024: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਨੇ ਆਪਣੇ ਦਫਤਰ ਵਿਚ ਮੁੱਖ ਮੰਤਰੀ ਦੀ ਕੁਰਸੀ ਦੇ ਨਾਲ ਖਾਲੀ ਕੁਰਸੀ ਰੱਖ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਨੌਟੰਕੀਆਂ ਨਾਲ ਲੋਕਾਂ ਦੇ ਫਤਵੇ ਦਾ ਮਖੌਲ ਬਣਾ ਰਹੀ ਹੈ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੀ ਕਾਰਵਾਈ ਲਈ ਜਵਾਬ ਦੇਣ ਅਤੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਕਾਰਣ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠ ਨਹੀਂ ਸਕਦੇ ਸੀ, ਇਸੇ ਲਈ ਉਹਨਾਂ ਨੇ ਆਪਣੀ ਥਾਂ ਆਤਿਸ਼ੀ ਨੂੰ ਮੁੱਖ ਮੰਤਰੀ ਬਣਾ ਦਿੱਤਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਚਾਰਜ ਸੰਭਾਲਣ ਵੇਲੇ ਆਤਿਸ਼ੀ ਨੇ ਮੁੱਖ ਮੰਤਰੀ ਦੀ ਕੁਰਸੀ ਦੇ ਨਾਲ ਖਾਲੀ ਕੁਰਸੀ ਰੱਖ ਲਈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਵੀ ਮਖੌਲ ਉਡਾਇਆ ਹੈ। ਉਹਨਾਂ ਕਿਹਾ ਕਿ ਆਤਿਸ਼ੀ ਮਾਰਲੇਨਾ ਦੱਸਣ ਕਿ ਖਾਲੀ ਕੁਰਸੀ ਅਰਵਿੰਦ ਕੇਜਰੀਵਾਲ ਵਾਸਤੇ ਸੀ ਜਾਂ ਕਿਸੇ ਹੋਰ ਵਾਸਤੇ। ਉਹਨਾਂ ਕਿਹਾ ਕਿ ਸੰਵਿਧਾਨ ਮੁਤਾਬਕ ਕੇਜਰੀਵਾਲ ਉਸ ਕੁਰਸੀ ’ਤੇ ਨਹੀਂ ਬੈਠ ਸਕਦੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਖਾਲੀ ਕੁਰਸੀਆਂ ਰੱਖਣਾ ਪਾਰਟੀ ਨੂੰ ਕੇਜਰੀਵਾਲ ਵੱਲੋਂ ਰਿਮੋਰਟ ਨਾਲ ਚਲਾਉਣ ਦੀ ਪ੍ਰਤੱਖ ਉਦਾਹਰਣ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਕੇਜਰੀਵਾਲ ਪਹਿਲਾਂ ਹੀ ਰਿਮੋਰਟ ਨਾਲ ਚਲਾ ਰਹੇ ਹਨ ਅਤੇ ਸੂਬਾ ਮੰਤਰੀ ਮੰਡਲ ਵਿਚ ਤਬਦੀਲੀ ਸਮੇਤ ਅਹਿਮ ਫੈਸਲੇ ਲੈ ਰਹੇ ਹਨ ਤੇ ਭਗਵੰਤ ਮਾਨ ਨੂੰ ਸਲਾਹ ਵਾਸਤੇ ਸੱਦੇ ਬਗੈਰ ਆਪਣੇ ਆਪ ਹੀ ਮੰਤਰੀਆਂ ਦੀ ਨਿਯੁਕਤੀ ਕਰ ਰਹੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਸੰਵਿਧਾਨ ਦਾ ਮਖੌਲ ਉਡਾਉਣ ਵਾਲੀ ਗੱਲ ਹੈ ਤੇ ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਦਫਤਰ ਵਿਚੋਂ ਖਾਲੀ ਕੁਰਸੀ ਤੁਰੰਤ ਹਟਾਈ ਜਾਵੇ।