- ਕਾਰ ਦਾ ਕਵਰ ਪਾੜਨ ਤੋਂ ਗੁੱਸੇ ‘ਚ ਆਏ ਵਿਅਕਤੀ ਨੇ ਬਰਛੇ ਨਾਲ ਕੀਤਾ ਹਮਲਾ
ਲੁਧਿਆਣਾ, 8 ਜਨਵਰੀ 2024 – ਲੁਧਿਆਣਾ ਵਿੱਚ ਇੱਕ ਵਿਅਕਤੀ ਵੱਲੋਂ ਅਵਾਰਾ ਕੁੱਤੇ ‘ਤੇ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਉਸ ਨੇ ਪਹਿਲਾਂ ਗਲੀ ਦੇ ਕੁੱਤੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਬਾਅਦ ਵਿਚ ਤੇਜ਼ ਬਰਛੇ ਨਾਲ ਛਾਤੀ ਵਿਚ ਵਾਰ ਕੀਤਾ। ਇਲਾਕੇ ਦੇ ਲੋਕਾਂ ਨੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਕਤ ਵਿਅਕਤੀ ਨੇ ਕਿਸੇ ਦੀ ਗੱਲ ਨਹੀਂ ਸੁਣੀ।
ਵਿਅਕਤੀ ਨੇ ਕਰੀਬ 5 ਮਿੰਟ ਤੱਕ ਕੁੱਤੇ ਦੀ ਛਾਤੀ ਵਿੱਚ ਬਰਛਾ ਪਾਈ ਰੱਖੀ। ਆਦਮੀ ਨੂੰ ਕੁੱਤੇ ‘ਤੇ ਗੁੱਸਾ ਆਇਆ ਕਿਉਂਕਿ ਇਸ ਨੇ ਉਸਦੀ ਕਾਰ ਦਾ ਕਵਰ ਪਾੜ ਦਿੱਤਾ ਸੀ। ਉਸ ਆਦਮੀ ਨੇ ਉਸ ਦਾ ਗਲੀਆਂ ਵਿਚ ਪਿੱਛਾ ਕੀਤਾ ਅਤੇ ਉਸ ਨੂੰ ਡੰਡਿਆਂ ਅਤੇ ਬਰਛਿਆਂ ਨਾਲ ਮਾਰਿਆ।
ਕੁੱਤੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਲਾਕਾ ਵਾਸੀਆਂ ਨੇ ਹੈਲਪ ਫਾਰ ਐਨੀਮਲਜ਼ ਸੰਸਥਾ ਦੇ ਮੁਖੀ ਮਨੀ ਅਤੇ ਅੰਕਿਤ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੇ ਐਨ.ਜੀ.ਓ ਦੇ ਮੈਂਬਰਾਂ ਨੇ ਕੁੱਤੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਸ਼ੂ ਹਸਪਤਾਲ ‘ਚ ਦਾਖਲ ਕਰਵਾਇਆ। ਹਮਲੇ ਨਾਲ ਕੁੱਤੇ ਦੇ ਫੇਫੜੇ ਵੀ ਖਰਾਬ ਹੋ ਗਏ ਹਨ।
ਹੈਲਪ ਫਾਰ ਐਨੀਮਲਜ਼ ਦੇ ਮੁਖੀ ਮਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪ੍ਰਤਾਪਪੁਰਾ ਇਲਾਕੇ ਦੀ ਦਸਮੇਸ਼ ਕਲੋਨੀ ਵਿੱਚ ਇੱਕ ਵਿਅਕਤੀ ਨੇ ਇੱਕ ਕੁੱਤੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ। ਇਲਾਕੇ ‘ਚ ਹਰਭਜਨ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਹੈ, ਜਿਸ ਨੇ ਕੁੱਤੇ ‘ਤੇ ਬਰਛੇ ਨਾਲ ਹਮਲਾ ਕਰ ਦਿੱਤਾ। ਇਲਾਕੇ ਦੇ ਲੋਕਾਂ ਨੇ ਉਸ ਨੂੰ ਦੱਸਿਆ ਕਿ ਕਰੀਬ 5 ਮਿੰਟ ਤੱਕ ਕੁੱਤੇ ਦੀ ਛਾਤੀ ਵਿੱਚ ਬਰਛਾ ਮਾਰ ਰੱਖਿਆ।
ਮਨੀ ਅਨੁਸਾਰ ਉਸ ਨੇ ਪੀਏਯੂ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ ਪਰ ਪੁਲੀਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹ ਕੁੱਤੇ ਨੂੰ ਇਨਸਾਫ਼ ਦਿਵਾਉਣ ਲਈ ਕਰੀਬ 4 ਘੰਟੇ ਥਾਣੇ ਦੇ ਬਾਹਰ ਖੜ੍ਹੇ ਰਹੇ। ਕਿਸੇ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦਾ ਫ਼ੋਨ ਵੀ ਨਹੀਂ ਚੁੱਕਿਆ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਪੀਏਯੂ ਥਾਣੇ ਦੇ ਐਸਐਚਓ ਰਜਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਕੁੱਤੇ ‘ਤੇ ਹਮਲਾ ਕਰਨ ਵਾਲਾ ਵਿਅਕਤੀ ਹੁਣ ਕੁੱਤੇ ਦੀ ਦੇਖਭਾਲ ਕਰ ਰਿਹਾ ਹੈ। ਬਾਕੀ ਰਹਿੰਦੇ ਮਾਮਲਿਆਂ ਦੀ ਜਾਂਚ ਕਰਕੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।