ਮੁਕਤਸਰ, 24 ਮਈ 2023 – ਜ਼ਿਲ੍ਹਾ ਮੁਕਤਸਰ ਦੇ ਪਿੰਡ ਕਾਨਿਆਂਵਾਲੀ ਵਿੱਚ ਇੱਕ ਮਾਮਲੇ ਦੀ ਜਾਂਚ ਲਈ ਗਈ ਪੁਲੀਸ ਪਾਰਟੀ ’ਤੇ ਪਿੰਡ ਦੇ ਦੋ ਦਰਜਨ ਮਰਦ-ਔਰਤਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ 2 ਏਐਸਆਈ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਇਸ ਸਬੰਧ ਵਿੱਚ 17 ਮਰਦ-ਔਰਤਾਂ ਨੂੰ ਨਾਮਜ਼ਦ ਕਰਕੇ ਕਰੀਬ 24 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਿਸ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਥਾਣਾ ਸਦਰ ਦੇ ਏਐਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਏਐਸਆਈ ਅੰਮ੍ਰਿਤਪਾਲ ਸਿੰਘ ਅਤੇ ਉਹ ਸੋਮਵਾਰ ਰਾਤ ਕਰੀਬ 10.15 ਵਜੇ ਪਿੰਡ ਕੰਨਿਆਂਵਾਲੀ ਵਿੱਚ ਕਿਸੇ ਸ਼ਿਕਾਇਤ ਦੀ ਜਾਂਚ ਅਤੇ ਗਸ਼ਤ ਲਈ ਗਏ ਹੋਏ ਸਨ। ਜਦੋਂ ਉਹ ਪਿੰਡ ਪਹੁੰਚੇ ਤਾਂ ਉੱਥੇ ਭਾਰੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਆਪੋ-ਆਪਣੇ ਘਰਾਂ ਨੂੰ ਜਾਣ ਲਈ ਕਿਹਾ ਗਿਆ। ਇਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ‘ਤੇ ਲਾਠੀਆਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ‘ਚ ਦੋਵਾਂ ਦੀਆਂ ਵਰਦੀਆਂ ਵੀ ਪਾੜ ਦਿੱਤੀਆਂ। ਇੰਨਾ ਹੀ ਨਹੀਂ ਇਸ ਦੌਰਾਨ ਉਸ ਦੀ ਪੱਗ ਵੀ ਉਤਰ ਗਈ। ਇਸ ਹਮਲੇ ਵਿੱਚ ਉਹ ਅਤੇ ਅੰਮ੍ਰਿਤਪਾਲ ਜ਼ਖ਼ਮੀ ਹੋ ਗਏ। ਦੋਵੇਂ ਕਿਸੇ ਤਰ੍ਹਾਂ ਬਚ ਕੇ ਖੁਦ ਸਿਵਲ ਹਸਪਤਾਲ ਪੁੱਜੇ ਅਤੇ ਦਾਖਲ ਹੋ ਗਏ। ਥਾਣਾ ਸਦਰ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗੁਰਲਾਲ ਸਿੰਘ ਨਾਮਕ ਵਿਅਕਤੀ ਸਮੇਤ ਪੁਲੀਸ ਨੇ ਕਰੀਬ 2 ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।