ਸਨੌਰ, 4 ਦਸੰਬਰ 2024 – ਸਨੌਰ ਦੇ ਫਤਿਹਪੁਰ ਰੋਡ ‘ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਟੀਮ ‘ਤੇ ਇਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਪੁਲੀਸ ਮੁਲਾਜ਼ਮ ਜ਼ਖ਼ਮੀ ਨਹੀਂ ਹੋਏ ਪਰ ਏਐਸਆਈ ਦੀ ਵਰਦੀ ਫਟ ਗਈ। ਜਿਸਦੇ ਬਾਅਦ ਏ.ਐਸ.ਆਈ ਬਿਕਰਮਜੀਤ ਸਿੰਘ ਦੇ ਬਿਆਨਾਂ ‘ਤੇ ਤੁਰੰਤ ਦੋਸ਼ੀ ਸੁਬੇਗ ਸਿੰਘ ਵਾਸੀ ਸੰਤ ਈਸ਼ਰ ਸਿੰਘ ਸਕੂਲ ਫਤਿਹਪੁਰ ਰੋਡ ਅਤੇ ਉਸਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੋਵੇਂ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ। ਸੁਬੇਗ ਸਿੰਘ ਖਿਲਾਫ ਵੀ ਅਪਰਾਧਿਕ ਮਾਮਲਾ ਦਰਜ ਹੈ, ਪੁਲਸ ਉਸ ਦੇ ਵੇਰਵੇ ਇਕੱਠੇ ਕਰ ਰਹੀ ਹੈ। ਏਐਸਆਈ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਵਾਸੀ ਭਾਂਖਰ ਰੋਡ ਨੇ ਥਾਣਾ ਸਨੌਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਵਿੱਚ ਸੁਬੇਗ ਸਿੰਘ ਖ਼ਿਲਾਫ਼ ਦੋਸ਼ ਲਾਏ ਗਏ ਸਨ ਕਿ ਉਸ ਨੇ ਕਰਮਜੀਤ ਸਿੰਘ ਨੂੰ ਦਸ ਹਜ਼ਾਰ ਰੁਪਏ ਵਾਪਸ ਨਹੀਂ ਕੀਤੇ ਅਤੇ ਪੈਸੇ ਮੰਗਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਤੋਂ ਬਾਅਦ ਬੀਤੀ ਸ਼ਾਮ ਏਐਸਆਈ ਬਿਕਰਮਜੀਤ ਸਿੰਘ ਮੁਲਜ਼ਮ ਦੇ ਘਰ ਪੁੱਜੇ, ਜਿੱਥੇ ਪਹਿਲਾਂ ਸੁਬੇਗ ਸਿੰਘ ਦੀ ਪਤਨੀ ਬਾਹਰ ਆਈ। ਸੁਬੇਗ ਦੀ ਪਤਨੀ ਨੇ ਪੁਲਸ ਮੁਲਾਜ਼ਮ ਕਰਮਜੀਤ ਸਿੰਘ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਬੇਗ ਸਿੰਘ ਵੀ ਬਾਹਰ ਆ ਗਿਆ ਅਤੇ ਕਰਮਜੀਤ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਹੱਥੋਪਾਈ ਵੀ ਹੋਈ। ਇਸ ਦੌਰਾਨ ਏਐਸਆਈ ਬਿਕਰਮਜੀਤ ਸਿੰਘ ਦੀ ਵਰਦੀ ਫਟ ਗਈ।
ਸਨੌਰ ਥਾਣੇ ਦੇ ਐਸਐਚਓ ਅਮਨਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਤੀ-ਪਤਨੀ ਪੁਲੀਸ ’ਤੇ ਹਮਲਾ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਪੁਲਿਸ ਟੀਮ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।