ਲੁਧਿਆਣਾ, 22 ਅਪ੍ਰੈਲ 2023 – ਲੁਧਿਆਣਾ ‘ਚ ਸੂਫੀਆਨਾ ਚੌਕ ਸਥਿਤ ਕਰਿਆਨੇ ਦੇ ਵਪਾਰੀ ‘ਤੇ 7 ਤੋਂ 8 ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਕਰਿਆਨਾ ਕਾਰੋਬਾਰੀ ਦਾ ਬੇਟਾ ਵੀ ਭਾਜਪਾ ਯੁਵਾ ਮੋਰਚਾ ਦਾ ਮੈਂਬਰ ਹੈ। ਹਮਲਾਵਰਾਂ ਨੇ ਦੁਕਾਨ ਦੇ ਅੰਦਰ ਅਤੇ ਬਾਹਰ ਦੇ ਸ਼ੀਸ਼ੇ ਅਤੇ ਹੋਰ ਸਾਮਾਨ ਤੋੜ ਦਿੱਤਾ। ਦੁਕਾਨ ਦੇ ਮਾਲਕ ਅਨਿਲ ਅਤੇ ਉਸ ਦੇ ਪੁੱਤਰ ਸੰਨੀ ਮਨਚੰਦਾ ਨੇ ਕਾਊਂਟਰ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਈ।
ਅਨਿਲ ਨੇ ਦੱਸਿਆ ਕਿ ਹਮਲਾਵਰ ਰੌਲਾ ਪਾਉਂਦੇ ਹੋਏ ਬਾਈਕ ਅਤੇ ਐਕਟਿਵਾ ‘ਤੇ ਸਵਾਰ ਹੋ ਕੇ ਹਮਲਾ ਕਰਨ ਲਈ ਆਏ ਸਨ। ਹਮਲਾਵਰਾਂ ਨੇ ਦੁਕਾਨ ਦੇ ਬਾਹਰ ਪਿਆ ਸਾਮਾਨ ਤੋੜ ਦਿੱਤਾ। ਸ਼ੀਸ਼ਾ ਟੁੱਟਣ ਕਾਰਨ ਸ਼ੀਸ਼ੇ ਦੇ ਟੁਕੜੇ ਦੁਕਾਨਦਾਰ ਦੇ ਸਿਰ ਵਿੱਚ ਵੱਜ ਗਏ। ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨ ਦੀ ਭੰਨਤੋੜ ਕਰਨ ਤੋਂ ਬਾਅਦ ਮੁਲਜ਼ਮ ਤੁਰੰਤ ਮੌਕੇ ਤੋਂ ਫਰਾਰ ਹੋ ਗਏ।
ਦੁਕਾਨਦਾਰ ਅਨਿਲ ਨੇ ਦੱਸਿਆ ਕਿ ਬਦਮਾਸ਼ਾਂ ਨੇ ਮੂੰਹ ‘ਤੇ ਰੁਮਾਲ ਆਦਿ ਬੰਨ੍ਹ ਕੇ ਆਪਣਾ ਮੂੰਹ ਲੁਕੋਇਆ ਹੋਇਆ ਸੀ। ਬਦਮਾਸ਼ਾਂ ਦੇ ਫਰਾਰ ਹੋਣ ਤੋਂ ਬਾਅਦ ਅਨਿਲ ਨੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਅਨਿਲ ਦੇ ਬਿਆਨਾਂ ‘ਤੇ ਪਰਚਾ ਦਰਜ ਕਰ ਲਿਆ ਹੈ।
ਦੁਕਾਨਦਾਰ ਅਨਿਲ ਅਤੇ ਉਸ ਦੇ ਲੜਕੇ ਸੰਨੀ ਨੇ ਦੱਸਿਆ ਕਿ ਇਲਾਕੇ ਵਿੱਚ ਸ਼ਰਾਰਤੀ ਅਨਸਰ ਅਕਸਰ ਘੁੰਮਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਉਨ੍ਹਾਂ ਨੂੰ ਦੁਕਾਨ ਬੰਦ ਕਰਕੇ ਘਰ ਬੈਠਣਾ ਪਵੇਗਾ। ਉਸ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਜ਼ਮ ਨਾ ਫੜੇ ਗਏ ਤਾਂ ਉਹ ਦੁਕਾਨ ਬੰਦ ਕਰਕੇ ਚਾਬੀਆਂ ਪੁਲੀਸ ਨੂੰ ਸੌਂਪ ਦੇਣਗੇ। ਅਨਿਲ ਅਨੁਸਾਰ ਆਸ-ਪਾਸ ਦੇ ਦੁਕਾਨਦਾਰ ਵੀ ਡਰੇ ਹੋਏ ਹਨ। ਇਲਾਕੇ ਦੇ ਕੌਂਸਲਰ ਨੂੰ ਬੇਨਤੀ ਹੈ ਕਿ ਵੱਧ ਰਹੀ ਗੁੰਡਾਗਰਦੀ ਨੂੰ ਕਾਬੂ ਕਰਨ ਲਈ ਤੁਰੰਤ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਕੇ ਗਸ਼ਤ ਵਧਾਈ ਜਾਵੇ।