ਜਲੰਧਰ, 24 ਮਈ 2023 – ਜਲੰਧਰ ਦੇ ਸੂਰਿਆ ਐਨਕਲੇਵ ਇਲਾਕੇ ‘ਚ ਦੇਰ ਰਾਤ ਬਾਈਕ ‘ਤੇ ਜਾ ਰਹੇ ਇਕ ਨੌਜਵਾਨ ਨੂੰ 12 ਤੋਂ 15 ਨੌਜਵਾਨਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ‘ਤੇ ਕਈ ਸੱਟਾਂ ਲੱਗੀਆਂ ਹਨ। ਇਸ ਹਮਲੇ ਵਿੱਚ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਹੱਥ ਬਾਂਹ ਨਾਲੋਂ ਕੱਟ ਕੇ ਵੱਖ ਕਰ ਦਿੱਤਾ। ਹਮਲਾਵਰਾਂ ਨੇ ਇੰਨੀ ਬੇਰਹਿਮੀ ਦਿਖਾਈ ਕਿ ਨੌਜਵਾਨ ਦੀਆਂ ਅੱਖਾਂ ਵੀ ਨੋਚ ਲਈਆਂ। ਉਸ ਦੀ ਬਾਂਹ ਕੱਟੇ ਜਾਣ ਕਾਰਨ ਸਿਵਲ ਹਸਪਤਾਲ ਪੁੱਜੇ ਜ਼ਖ਼ਮੀ ਨੌਜਵਾਨ ਨੂੰ ਡਾਕਟਰਾਂ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ।
ਬਾਂਹ ਤੋਂ ਵੱਖ ਹੋਏ ਹੱਥ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਮੇਂ ਸਿਰ ਮੈਡੀਕਲ ਕਾਲਜ ਪਹੁੰਚ ਜਾਵੇ ਤਾਂ ਇਸ ਨੂੰ ਸਰਜਰੀ ਰਾਹੀਂ ਜੋੜਿਆ ਜਾ ਸਕਦਾ ਹੈ। ਸਿਵਲ ਹਸਪਤਾਲ ਪੁੱਜੇ ਸੂਰਿਆ ਐਨਕਲੇਵ ਵਾਸੀ ਸ਼ਿਵਮ ਭੋਗਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਸਾਈਕਲ ’ਤੇ ਘਰੋਂ ਨਿਕਲਿਆ ਸੀ। ਘਰ ਤੋਂ ਕੁਝ ਦੂਰੀ ‘ਤੇ ਪਹਿਲਾਂ ਤੋਂ ਹੀ ਬੈਠੇ 10-15 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਤੋਂ ਬਾਅਦ ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕ ਘਰਾਂ ਤੋਂ ਬਾਹਰ ਆ ਗਏ। ਲੋਕਾਂ ਨੂੰ ਆਉਂਦਾ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਹਮਲਾ ਕਿਸੇ ਪੁਰਾਣੀ ਰੰਜਿਸ਼ ‘ਚ ਕੀਤਾ ਗਿਆ ਹੈ ਜਾਂ ਮਾਮਲਾ ਕੁਝ ਹੋਰ ਹੈ, ਫਿਲਹਾਲ ਪੁਲਸ ਜਾਂਚ ‘ਚ ਜੁਟੀ ਹੋਈ ਹੈ। ਹਮਲਾਵਰਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।