ਅਬੋਹਰ, 25 ਅਪ੍ਰੈਲ 2023 – ਅਬੋਹਰ ਦੇ ਪਿੰਡ ਖੂਈਆਂ ਸਰਵਰ ਦੇ ਵਸਨੀਕ ਇੱਕ ਨੌਜਵਾਨ ਨੂੰ ਅੱਜ ਤਹਿਸੀਲ ਅਹਾਤੇ ਨੇੜੇ 10-12 ਨਕਾਬਪੋਸ਼ ਨੌਜਵਾਨਾਂ ਨੇ ਬਰਛਿਆਂ ਅਤੇ ਤਲਵਾਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਨੌਜਵਾਨ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਜ਼ਖ਼ਮੀ ਨੌਜਵਾਨ ਨੂੰ ਉਸ ਦੇ ਰਿਸ਼ਤੇਦਾਰਾਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦੇ ਨਾਲ ਹੀ ਸੂਚਨਾ ‘ਤੇ ਹਸਪਤਾਲ ਪਹੁੰਚੀ ਪੁਲਸ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਕਰ ਰਹੀ ਹੈ।
ਇਲਾਜ ਅਧੀਨ 32 ਸਾਲਾ ਅਮਿਤ ਕੁਮਾਰ ਪੁੱਤਰ ਤੀਰਥਰਾਮ ਨੇ ਦੱਸਿਆ ਕਿ ਅੱਜ ਉਹ ਆਪਣੇ ਦੋਸਤ ਅੰਕੁਸ਼ ਨਾਲ ਬਾਈਕ ‘ਤੇ ਸਵਾਰ ਹੋ ਕੇ ਅਬੋਹਰ ਆਇਆ ਸੀ। ਜਦੋਂ ਦੋਵੇਂ ਤਹਿਸੀਲ ਨੇੜੇ ਪੁੱਜੇ ਤਾਂ 4 ਬਾਈਕ ਸਵਾਰ 10-12 ਨੌਜਵਾਨਾਂ ਨੇ ਉਸ ਦੇ ਬਾਈਕ ਅੱਗੇ ਆਪਣਾ ਮੋਟਰਸਾਈਕਲ ਲਗਾ ਦਿੱਤਾ। ਮੁਲਜ਼ਮਾਂ ਨੇ ਹੱਥਾਂ ਵਿੱਚ ਤਲਵਾਰਾਂ ਅਤੇ ਹੋਰ ਹਥਿਆਰ ਫੜੇ ਹੋਏ ਸਨ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਨੌਜਵਾਨ ਦੇ ਪਿੱਛੇ ਤੋਂ ਬੇਸਬਾਲ ਮਾਰਿਆ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ।
ਇਸ ਦੌਰਾਨ ਅੰਕੁਸ਼ ਉਥੋਂ ਫਰਾਰ ਹੋ ਗਿਆ, ਜਦਕਿ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਹ ਖੂਨ ਨਾਲ ਲੱਥਪੱਥ ਹਾਲਤ ਵਿੱਚ ਕਿਸੇ ਤਰ੍ਹਾਂ ਬੱਸ ਸਟੈਂਡ ਵੱਲ ਭੱਜਿਆ। ਇਸ ਦੌਰਾਨ ਭੀੜ ਨੂੰ ਦੇਖ ਕੇ ਨੌਜਵਾਨ ਉਥੋਂ ਭੱਜ ਗਏ ਅਤੇ ਉਸ ਨੇ ਕਿਸੇ ਤਰ੍ਹਾਂ ਕਿਸੇ ਰਿਸ਼ਤੇਦਾਰ ਨੂੰ ਫੋਨ ‘ਤੇ ਸੂਚਨਾ ਦਿੱਤੀ, ਜੋ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ। ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਵਨ ਦੇ ਏਐਸਆਈ ਲਾਲਚੰਦ ਨੇ ਹਸਪਤਾਲ ਪਹੁੰਚ ਕੇ ਬਿਆਨ ਦਰਜ ਕੀਤੇ।
ਇਹ ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਪੁਲੀਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਸੀ ਪਰ ਇਸ ਦੇ ਬਾਵਜੂਦ ਗੁੰਡਿਆਂ ਦਾ ਮਨੋਬਲ ਬੁਲੰਦ ਹੈ। ਉਹ ਨਿਡਰ ਹੋ ਕੇ ਆਏ ਦਿਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।