ਫ਼ਿਰੋਜ਼ਪੁਰ, 14 ਨਵੰਬਰ 2023 – ਫ਼ਿਰੋਜ਼ਪੁਰ ਵਿੱਚ ਦੀਵਾਲੀ ਤੋਂ ਇੱਕ ਦਿਨ ਬਾਅਦ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨਾਕਾਮ ਹੋ ਗਈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਦੇਰ ਰਾਤ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜਿਆ ਚੀਨ ਦਾ ਬਣਿਆ ਡਰੋਨ ਜ਼ਬਤ ਕੀਤਾ ਹੈ।
ਬੀਐਸਐਫ ਦੇ ਬੁਲਾਰੇ ਅਨੁਸਾਰ 13 ਨਵੰਬਰ 2023 ਦੀ ਰਾਤ ਨੂੰ ਫਿਰੋਜ਼ਪੁਰ ਬਾਰਡਰ ਰੇਂਜ ਅਧੀਨ ਪੈਂਦੇ ਪਿੰਡ ਟਿੰਡੀਵਾਲਾ ਨੇੜੇ ਬੀਐਸਐਫ ਨੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਆਉਂਦੇ ਇੱਕ ਸ਼ੱਕੀ ਡਰੋਨ ਨੂੰ ਦੇਖਿਆ, ਜਿਸ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਡੇਗ ਦਿੱਤਾ ਗਿਆ ਅਤੇ ਉਕਤ ਘਟਨਾ ਤੋਂ ਬਾਅਦ ਬੀ.ਐਸ.ਐਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਰਾਤ ਕਰੀਬ 9 ਵਜੇ ਖੇਤ ‘ਚੋਂ ਇਕ ਛੋਟਾ ਡਰੋਨ ਬਰਾਮਦ ਹੋਇਆ।
ਬਰਾਮਦ ਕੀਤਾ ਗਿਆ ਡਰੋਨ ਚੀਨ ਵਿੱਚ ਬਣਿਆ ਕਵਾਡਕਾਪਟਰ DJI Mavic 3 ਕਲਾਸਿਕ ਹੈ। ਪਾਕਿਸਤਾਨ ਵਾਲੇ ਪਾਸੇ ਰਹਿ ਰਹੇ ਸਮੱਗਲਰ ਡਰੋਨਾਂ ਦੀ ਵਰਤੋਂ ਕਰਕੇ ਭਾਰਤੀ ਸਰਹੱਦ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰ ਰਹੇ ਹਨ, ਜਿਸ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਚੌਕਸੀ ਰੱਖ ਕੇ ਰੋਕਿਆ ਜਾ ਰਿਹਾ ਹੈ, ਪਰ ਲਗਾਤਾਰ ਵੱਧ ਰਹੀਆਂ ਡਰੋਨ ਘਟਨਾਵਾਂ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹਨ।
ਕੁਝ ਸਮਾਂ ਪਹਿਲਾਂ ਤੱਕ ਸਮੱਗਲਰਾਂ ਵੱਲੋਂ ਤਸਕਰੀ ਲਈ ਸੁਰੰਗਾਂ, ਕੰਡਿਆਲੀਆਂ ਤਾਰਾਂ ਨੂੰ ਪਾਰ ਕਰਨ ਲਈ ਪਾਈਪਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਡਰੋਨਾਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ, ਜਿਸ ਨੂੰ ਰੋਕਣ ਲਈ ਸੁਰੱਖਿਆ ਬਲਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ।