- ਵਾਰਦਾਤ CCTV ‘ਚ ਹੋਈ ਕੈਦ
ਲੁਧਿਆਣਾ, 28 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਵਿੱਚ ਜਮਾਲਪੁਰ ਕਲੋਨੀ, ਮੈਟਰੋ ਰੋਡ, ਫੋਕਲ ਪੁਆਇੰਟ ਵਿਖੇ ਇੱਕ ਜਿਊਲਰਜ਼ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਕਰੀਬ 45 ਮਿੰਟ ‘ਚ ਚੋਰਾਂ ਨੇ ਸੱਬਲ ਦੀ ਮਦਦ ਨਾਲ ਸ਼ਟਰ ਨੂੰ ਤਾਂ ਉਖਾੜ ਦਿੱਤਾ ਪਰ ਦੁਕਾਨ ‘ਚ ਲੱਗੇ ਸ਼ੀਸ਼ੇ ਦਾ ਗੇਟ ਨਾ ਖੁੱਲ੍ਹਣ ਕਾਰਨ ਚੋਰ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ |
ਇਹ ਘਟਨਾ ਦੁਕਾਨ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਵੇਰੇ ਜਦੋਂ ਦੁਕਾਨ ਦੇ ਮਾਲਕ ਨੂੰ ਪਤਾ ਲੱਗਾ ਕਿ ਦੁਕਾਨ ਦਾ ਸ਼ਟਰ ਉਖਾੜਿਆ ਹੋਇਆ ਹੈ ਤਾਂ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਸੈਨ ਜਵੈਲਰਜ਼ ਦੇ ਮਾਲਕ ਰਾਜੀਵ ਸੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਨੇ ਦੁਕਾਨ ਦਾ ਸ਼ਟਰ ਉਖਾੜਿਆ ਹੋਣ ਦੀ ਸੂਚਨਾ ਦਿੱਤੀ ਸੀ। ਉਸਦਾ ਘਰ ਜਮਾਲਪੁਰ ਬੈਂਕ ਕਲੋਨੀ ਵਿੱਚ ਹੈ। ਜਦੋਂ ਉਹ ਤੁਰੰਤ ਦੁਕਾਨ ‘ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਸ਼ਟਰ ਬੁਰੀ ਤਰ੍ਹਾਂ ਉਖੜਿਆ ਹੋਇਆ ਸੀ।
ਦੁਕਾਨ ਅੰਦਰੋਂ ਸ਼ੀਸ਼ੇ ਦਾ ਦਰਵਾਜ਼ਾ ਨਾ ਟੁੱਟਣ ਕਾਰਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਿਆ। ਰਾਜੀਵ ਅਨੁਸਾਰ ਜਦੋਂ ਉਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ 4 ਚੋਰ ਸਨ, ਜਿਨ੍ਹਾਂ ਨੇ ਆਪਣੇ ਮੂੰਹ ਲੁਕਾਏ ਹੋਏ ਸਨ। 2 ਚੋਰਾਂ ਨੇ ਸ਼ਟਰ ਪੁੱਟਿਆ ਅਤੇ 2 ਨੇ ਰੇਕੀ ਕੀਤੀ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਪਹਿਲਾਂ ਦਿਨ ਵੇਲੇ ਵੀ ਦੁਕਾਨ ਦੀ ਰੇਕੀ ਕੀਤੀ ਗਈ ਹੈ। ਇਲਾਕਾ ਥਾਣਾ ਮੋਤੀ ਨਗਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਏਐਸਆਈ ਅਨਿਲ ਕੁਮਾਰ ਕਰ ਰਹੇ ਹਨ।