ਕਪੂਰਥਲਾ, 15 ਅਗਸਤ 2024 – ਕਪੂਰਥਲਾ ਦੇ ਗ੍ਰੇਟਰ ਕੈਲਾਸ਼ ਇਲਾਕੇ ‘ਚ ਇਕ ਔਰਤ ਸਮੇਤ ਦੋ ਜਣਿਆ ਨੇ ਇਕ ਘਰ ਦੇ ਦਰਵਾਜ਼ੇ ਦੀ ਘੰਟੀ ਵਜਾਈ। ਦਰਵਾਜ਼ੇ ਦੀ ਘੰਟੀ ਦੀ ਆਵਾਜ਼ ਸੁਣ ਕੇ ਇਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਤਾਂ ਬਾਹਰ ਖੜ੍ਹਾ ਵਿਅਕਤੀ ਔਰਤ ਨੂੰ ਧੱਕਾ ਦੇ ਕੇ ਆਪਣੀ ਮਹਿਲਾ ਸਾਥੀ ਨਾਲ ਘਰ ਅੰਦਰ ਦਾਖਲ ਹੋ ਗਿਆ ਅਤੇ ਖਿਡੌਣਾ ਪਿਸਤੌਲ ਦੀ ਮਦਦ ਨਾਲ ਔਰਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਘਰ ਵਿੱਚ ਔਰਤ ਦਾ ਪੁੱਤਰ ਵੀ ਮੌਜੂਦ ਸੀ।
ਔਰਤ ਨੇ ਰੌਲਾ ਪਾਇਆ ਤਾਂ ਬੇਟਾ ਕਮਰੇ ਤੋਂ ਬਾਹਰ ਆ ਗਿਆ ਅਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਲੋਕਾਂ ਨੇ ਘੇਰਾਬੰਦੀ ਕਰਕੇ ਲੁੱਟ ਦੀ ਨੀਅਤ ਨਾਲ ਆਈ ਔਰਤ ਸਮੇਤ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਥਾਣਾ ਅਰਬਨ ਅਸਟੇਟ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਜਿਸ ਦੇ ਖਿਲਾਫ ਧਾਰਾ 393, 452, 341 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਖਾਨ ਹਸਪਤਾਲ ਨੇੜੇ ਗ੍ਰੇਟਰ ਕੈਲਾਸ਼ ਦੇ ਰਹਿਣ ਵਾਲੇ ਕਰਨ ਅਗਰਵਾਲ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਉਹ ਸ਼ਾਮ ਸਾਢੇ 7 ਵਜੇ ਆਪਣੇ ਘਰ ਮੌਜੂਦ ਸੀ। ਉਦੋਂ ਹੀ ਘਰ ਦੇ ਦਰਵਾਜ਼ੇ ਦੀ ਘੰਟੀ ਵੱਜੀ। ਮਾਂ ਸ਼ਬੀਨਾ ਅਗਰਵਾਲ ਘਰ ਦਾ ਦਰਵਾਜ਼ਾ ਖੋਲ੍ਹਣ ਗਈ। ਜਦੋਂ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਆਦਮੀ ਸੀ। ਉਸ ਦੇ ਨਾਲ ਇੱਕ ਔਰਤ ਵੀ ਸੀ। ਦੋਵਾਂ ਨੇ ਮੇਰੀ ਮਾਂ ਨਾਲ ਧੱਕਾ ਕੀਤਾ ਅਤੇ ਉਸ ਨੂੰ ਖਿਡੌਣਾ ਪਿਸਤੌਲ (ਲਾਈਟਰ ਪਿਸਤੌਲ) ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ।
ਫਿਰ ਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਮੈਂ ਵੀ ਬਾਹਰ ਆ ਗਿਆ ਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਜਿਨ੍ਹਾਂ ਨੂੰ ਕਾਬੂ ਕੀਤਾ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਅਰਬਨ ਅਸਟੇਟ ਨੂੰ ਦਿੱਤੀ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਔਰਤ ਸਮੇਤ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਕਰਨ ‘ਤੇ ਇਨ੍ਹਾਂ ਨੇ ਆਪਣਾ ਨਾਂ ਮਨਜੀਤ ਸਿੰਘ ਵਾਸੀ ਗਲੀ ਨੰਬਰ 3 ਬਾਬਾ ਫਤਹਿ ਸਿੰਘ ਨਗਰ ਫਗਵਾੜਾ ਅਤੇ ਹਰਜਿੰਦਰ ਕੌਰ ਵਾਸੀ ਮੁਹੱਲਾ ਸੂਦ ਸ਼ੇਖੂਪੁਰ ਦੱਸਿਆ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 393, 452, 341 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।