- ਅਗਲੇ 2 ਦਿਨਾਂ ‘ਚ ਮੁੜ ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ, 15 ਅਕਤੂਬਰ 2023 – ਪੰਜਾਬ ਵਿੱਚ ਮੁੜ ਮੌਸਮ ਵਿਗੜ ਗਿਆ ਹੈ। ਚੰਡੀਗੜ੍ਹ, ਮੁਹਾਲੀ ਸਣੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ਲਈ ਬਾਰਸ਼ ਦੀ ਭਵਿੱਖਬਾਣੀ ਕਰਦਿਆਂ ਔਰੇਂਜ਼ ਅਲਰਟ ਜਾਰੀ ਕੀਤਾ ਹੈ। ਬਾਰਸ਼ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇੱਕ ਪਾਸੇ ਝੋਨੇ ਦੀ ਪੱਕੀ ਫਸਲ ਖੇਤਾਂ ਖੜ੍ਹੀ ਹੈ ਤੇ ਦੂਜੇ ਪਾਸੇ ਮੰਡੀਆਂ ਅੰਦਰ ਵੀ ਝੋਨੇ ਦੀ ਅੰਬਾਰ ਲੱਗੇ ਹਨ।
ਦੱਸ ਦਈਏ ਕਿ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਭਾਰਤ ਲਈ ਔਰੇਂਜ਼ ਅਲਰਟ ਜਾਰੀ ਕਰਦਿਆਂ ਅਗਲੇ ਦੋ ਤੋਂ ਤਿੰਨ ਤੱਕ ਭਾਰੀ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਸੀ। ਵਿਭਾਗ ਨੇ ਕਿਹਾ ਕਿ ਇਹ ਇਸ ਮੌਸਮ ਦੀ ਪਹਿਲੀ ਪੱਛਮੀ ਗੜਬੜ ਹੈ ਤੇ ਇਹ 17 ਅਕਤੂਬਰ ਤੱਕ ਉੱਤਰ-ਪੱਛਮ ਤੇ ਮੱਧ ਭਾਰਤ ਨੂੰ ਪ੍ਰਭਾਵਿਤ ਕਰੇਗੀ। 16 ਅਕਤੂਬਰ ਨੂੰ ਪੰਜਾਬ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ’ਚ ਹਨੇਰੀ ਚੱਲ ਸਕਦੀ ਹੈ।
ਉਥੇ ਹੀ ਫਰੀਦਕੋਟ ‘ਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਦੋ ਵਾਰ ਗੜੇਮਾਰੀ ਹੋਈ ਅਤੇ ਕੁੱਲ 23 ਮਿਲੀਮੀਟਰ ਵਰਖਾ ਵੀ ਦਰਜ ਕੀਤੀ ਗਈ।
ਬੇਮੌਸਮੀ ਬਰਸਾਤ ਕਾਰਨ ਅਨਾਜ ਮੰਡੀਆਂ ਵਿੱਚ ਲੱਖਾਂ ਮੀਟ੍ਰਿਕ ਟਨ ਝੋਨੇ ਦੀ ਫ਼ਸਲ ਗਿੱਲੀ ਹੋ ਗਈ ਅਤੇ ਖੇਤਾਂ ਵਿੱਚ ਵਾਹੁਣ ਲਈ ਤਿਆਰ ਨਰਮੇ-ਕਪਾਹ ਦੀ ਫ਼ਸਲ ਬਰਬਾਦ ਹੋ ਗਈ। ਮੌਸਮ ਵਿੱਚ ਆਈ ਤਬਦੀਲੀ ਕਾਰਨ ਫਰੀਦਕੋਟ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 32 ਅਤੇ ਘੱਟੋ-ਘੱਟ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਗਿਆਨੀਆਂ ਅਨੁਸਾਰ ਐਤਵਾਰ, ਸੋਮਵਾਰ ਅਤੇ ਮੰਗਲਵਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ‘ਚ ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਖੁੱਲ੍ਹੇ ਅਸਮਾਨ ਹੇਠ ਕਿਸਾਨਾਂ ਦੀ ਮਿਹਨਤ ਬਰਬਾਦ ਹੋਣ ਦੀ ਸੰਭਾਵਨਾ ਵੱਧ ਜਾਵੇਗੀ।