ਧਰਮਕੋਟ, 20 ਜੁਲਾਈ 2022 – ਮੋਗਾ-ਜਲੰਧਰ ਹਾਈਵੇਅ ‘ਤੇ ਧਰਮਕੋਟ ਨੇੜੇ ਮੰਗਲਵਾਰ ਸ਼ਾਮ ਨੂੰ ਇਕ ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਨਾਲ ਸਕੂਟੀ ਸਵਾਰ ਅਧਿਆਪਕ ਦੀ ਮੌਤ ਹੋ ਗਈ। ਜਦਕਿ ਦੂਜੀ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਈ ਹੈ। ਹਾਦਸੇ ਤੋਂ ਬਾਅਦ ਜ਼ਖਮੀ ਅਧਿਆਪਿਕਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਹਾਦਸੇ ‘ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੜਕ ਹਾਦਸੇ ਵਿੱਚ ਨਵ-ਨਿਯੁਕਤ ਅਧਿਆਪਕਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈਂ। ਬੈਂਸ ਨੇ ਟਵੀਟ ਕਰਦਿਆਂ ਕਿਹਾ ਕੇ, “ਧਰਮਕੋਟ ਵਿਖੇ ਇੱਕ ਸੜਕ ਹਾਦਸੇ ਵਿੱਚ ਨਵ-ਨਿਯੁਕਤ ਅਧਿਆਪਕਾ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਅਤੇ ਇੱਕ ਡੀ.ਪੀ ਅਧਿਆਪਕ ਵੀ ਗੰਭੀਰ ਜ਼ਖਮੀ ਹੋ ਗਈ ਹੈ। ਜਸਪ੍ਰੀਤ ਦੇ ਪਿਤਾ ਵੀ ਇੱਕ ਅਧਿਆਪਕ ਹਨ, ਸਾਡਾ ਪੂਰਾ ਵਿਭਾਗ ਜਸਪ੍ਰੀਤ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ।”
ਜਾਣਕਾਰੀ ਅਨੁਸਾਰ ਜਸਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਕੋਟਕਪੂਰਾ ਜਿਸ ਦੀ ਕਿ ਕੁਝ ਦਿਨ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਈਸੇਖਾਂ ਵਿੱਚ ਜੁਆਇਨਿੰਗ ਹੋਈ ਸੀ। ਮੰਗਲਵਾਰ ਨੂੰ ਸਕੂਲ ਦੀ ਅਧਿਆਪਕਾ ਦਰਸ਼ਨਪਾਲ ਕੌਰ ਨਾਲ ਸਕੂਲ ਖਤਮ ਹੋਣ ਤੋਂ ਬਾਅਦ ਕਿਸੇ ਕੰਮ ਲਈ ਸਕੂਟੀ ‘ਤੇ ਜਾ ਰਹੀ ਸੀ।
ਇਸ ਦੌਰਾਨ ਤੇਜ਼ ਰਫਤਾਰ ਕਾਰ ਨੇ ਉਹਨਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਅਧਿਆਪਕਾ ਜਸਪ੍ਰੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦਰਸ਼ਨਪਾਲ ਕੌਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਧਰਮਕੋਟ ਦੇ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।