ਚੰਡੀਗੜ੍ਹ, 20 ਜਨਵਰੀ 2023: ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਡਾ. ਮਨਮੋਹਨ ਸਿੰਘ ਨੂੰ ਫਰਜ਼ੀਆਖ ਕੇ ਸਿਰਫ ਉਹਨਾਂ ਦਾ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਦਾ ਅਪਮਾਨ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਇਹ ਸ਼ਬਦਾਵਲੀ ਵਰਤੀ ਕਿ ਅਸੀਂ ਪ੍ਰਧਾਨ ਮੰਤਰੀ ਵਜੋਂ ਸਿਰਫ ਤੁਹਾਨੂੰ ਵੇਖਣਾ ਹੈ, ਹੋਰ ਕਿਸੇ ਫਰਜ਼ੀ ਨੂੰ ਨਹੀਂ ਸਵੀਕਾਰ ਕਰਾਂਗੇ। ਪਤਾ ਨਹੀਂ ਕਿਥੋਂ ਕਿਥੋਂ ਲੈ ਫੜ ਕੇ ਲੈਆਉਂਦੇ ਹਨ। ਉਹਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੂੰ ਕਿਤੋਂ ਫੜ ਕੇ ਨਹੀਂ ਲਿਆਂਦਾ ਸੀ। ਉਹ ਤਾਂ ਸਤਿਕਾਰ ਸ਼ਖਸੀਅਤ ਹਨ ਜਿਹਨਾਂ ਨੇ ਪ੍ਰਧਾਨ ਮੰਤਰੀ ਬਣ ਕੇ ਕਾਂਗਰਸ ਪਾਰਟੀ ’ਤੇ ਵੱਡਾ ਅਹਿਸਾਨ ਕੀਤਾ।
ਸਰਦਾਰ ਸਿਰਸਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਸਿਰ ’ਤੇ ਦਸਤਾਰ ਸਜਾ ਕੇ ਪ੍ਰਧਾਨ ਮੰਤਰੀ ਬਣ ਕੇ ਦੇਸ਼ ਤੇ ਦੁਨੀਆਂ ਵਿਚ ਸਿੱਖਾਂ ਦਾ ਮਾਣ ਵਧਾਇਆ। ਉਹਨਾਂ ਕਿਹਾ ਕਿ ਇਕ ਸਿੱਖ ਦੀ ਇਸ ਤਰੀਕੇ ਬੇਇੱਜ਼ਤੀ ਕਰਨੀ, ਇਹ ਸਿਰਫ ਡਾ. ਮਨਮੋਹਨ ਸਿੰਘ ਹੀ ਨਹੀਂ ਬਲਕਿ ਸਮੁੱਚੀ ਕੌਮ ਦਾ ਅਪਮਾਨ ਹੈ।
ਉਹਨਾਂ ਕਿਹਾ ਕਿ ਕਾਂਗਰਸ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜਿਸ ਵਿਚ ਸਿਰਫ ਗਾਂਧੀ ਪਰਿਵਾਰ ਦੀ ਚਾਪਲੂਸੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਅਸਲ ਵਿਚ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਵੇਖਣ ਵਾਸਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੋ ਗੁਨਾਹ ਨੇ ਕੀਤਾ, ਉਸਦੀ ਮੁਆਫੀ ਰਾਹੁਲ ਗਾਂਧੀ ਨੂੰ ਮੰਗਣੀ ਚਾਹੀਦੀ ਹੈ।