- ਪੰਜਾਬ ਦੇ ਪਹਿਲੇ ਮੁਹੱਲਾ ਕਲੀਨਿਕ ਵਿੱਚ ਕੈਂਪ ਦੀ ਹੋਈ ਸ਼ੁਰੂਆਤ
ਸ੍ਰੀ ਮੁਕਤਸਰ ਸਾਹਿਬ 20 ਅਗਸਤ 2022 – ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਦੇ ਆਮ ਆਦਮੀ ਕਲੀਨਿਕ ਵਿਖੇ ਅੱਜ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਸੰਕਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ (ਰਜਿ.) ਦੇ ਸਹਿਯੋਗ ਨਾਲ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿਚ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਆਪ ਖ਼ੁਦ ਆਈ ਸਪੈਸ਼ਲਿਸਟ ਵਜੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ।
ਕੈਂਪ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦੱਸਿਆ ਕਿ ਸ.ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਆਪਣੇ ਬਾਰੇ ਬੋਲਦਿਆਂ ਦੱਸਿਆ ਕਿ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਇਲਾਕਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਤੌਰ ਆਈ ਸਪੈਸ਼ਲਿਸਟ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਜਿਸ ਕਾਰਨ ਇਸ ਇਲਾਕੇ ਦੇ ਲੋਕ ਉਨ੍ਹਾਂ ਨਾਲ ਇਕ ਡਾਕਟਰ ਅਤੇ ਮਰੀਜ਼ ਦੇ ਰਿਸ਼ਤੇ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਜਦੋਂ ਆਪਣੇ ਪੇਸ਼ੇ ਨਾਲ ਸਬੰਧਿਤ ਸੇਵਾਵਾਂ ਦੇਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਮੌਕਾ ਮਿਲਣ ਤੇ ਉਹ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ।
ਉਨ੍ਹਾਂ ਅੱਗੇ ਬੋਲਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦੇ ਦਿਹਾੜੇ ਮੌਕੇ 15 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਸਨ।
ਇਨ੍ਹਾਂ ਆਮ ਆਦਮੀ ਕਲੀਨਿਕਾਂ ਦੀ ਮਹੱਤਤਾ ਬਾਰੇ ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਆਪਣੀ ਬਿਮਾਰੀ ਸਬੰਧੀ ਇਲਾਜ ਕਰਾਉਣ ਲਈ ਦੂਰ ਨਾ ਜਾਣਾ ਪਵੇ, ਉਨ੍ਹਾਂ ਦੇ ਘਰਾਂ ਦੇ ਕੋਲ ਹੀ ਮਰੀਜ਼ ਆਪਣਾ ਇਲਾਜ ਕਰਵਾ ਸਕਣ।
ਇਸ ਕੈਂਪ ਵਿਚ ਪਿੰਡ ਭਾਗਸਰ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕਾਂ ਨੇ ਵੀ ਅੱਖਾਂ ਨਾਲ ਸਬੰਧਤ ਬਿਮਾਰੀ ਦਾ ਇਲਾਜ ਕਰਾਉਣ ਲਈ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਰਾਜਦੀਪ ਕੌਰ ਏ ਡੀ ਸੀ ਜਨਰਲ, ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, ਡਾ. ਵਰੁਣ ਵਰਮਾ, ਡਾ. ਨਰਿੰਦਰ ਕੁਮਾਰ, ਵਰਿੰਦਰ ਢੋਸੀਵਾਲ, ਜ਼ਸ਼ਨ ਬਰਾੜ, ਸੁਸਾਇਟੀ ਦੀ ਚੇਅਰਪਰਸ਼ਨ ਕੁਲਵਿੰਦਰ ਕੌਰ ਬਰਾੜ,ਨਰਿੰਦਰ ਸਿੰਘ ਸੰਧੂ, ਸਤਬਿੰਦਰ ਬਿੰਘ ਬਰਾੜ,ਰਾਜਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੋਨੀ ਬਾਬਾ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।