ਕਪੂਰਥਲਾ, 11 ਜੁਲਾਈ 2025 – ਪੰਜਾਬ ਵਿਧਾਨ ਸਭਾ ਦਾ ਇਜਲਾਸ ਖ਼ਤਮ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ‘ਚ ਬਲਦਾਂ ਦੀ ਦੌੜ ‘ਤੇ ਲੱਗੀ ਪਾਬੰਦੀ ਨੂੰ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਲ੍ਹਾ ਰਾਏਪੁਰ ਤਾਂ ਸਾਡਾ ਮਿੰਨੀ ਓਲੰਪਿਕ ਹੈ ਪਰ ਇਸ ਤੋਂ ਇਲਾਵਾ ਹੋਰ ਪਿੰਡਾਂ ‘ਚ ਵੀ ਬਲਦਾਂ ਦੀਆਂ ਦੌੜਾਂ ਹੁੰਦੀਆਂ ਹਨ ਅਤੇ ਬਲਦਾਂ ਦੇ ਵੱਡੇ-ਵੱਡੇ ਸ਼ੌਕੀਨ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ 16 ਸਾਲ ਬਲਦਾਂ ਨਾਲ ਖੇਤੀ ਹੀ ਕੀਤੀ ਹੈ ਅਤੇ ਇਨ੍ਹਾਂ ਪਸ਼ੂਆਂ-ਪੰਛੀਆਂ ਨਾਲ ਸਾਡਾ ਪੁਰਾਣਾ ਨਾਤਾ ਹੈ।
ਅਸੀਂ ਤਾਂ ਫ਼ਸਲ ਵੱਢਣ ਵੇਲੇ ਵੀ ਜਨੌਰਾਂ (ਪੰਛੀ, ਜਾਨਵਰ) ਵਾਸਤੇ ਥੋੜ੍ਹੀ ਜਿਹੀ ਛੱਡ ਦਿੰਦੇ ਹਾਂ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ। ਉਨ੍ਹਾਂ ਨੇ ਇਸ ਦੇ ਲਈ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅੱਜ ਵਿਧਾਨ ਸਭਾ ‘ਚ ਵੀ ਕਿਹਾ ਸੀ ਕਿ ਕਿਲ੍ਹਾ ਰਾਏਪੁਰ ਦੀਆਂ ਬਲਦਾਂ ਦੀਆਂ ਦੌੜਾਂ ਫਿਰ ਤੋਂ ਸ਼ੁਰੂ ਹੋਣਗੀਆਂ ਪਰ ਦੌੜ ਵੇਲੇ ਆਪਰੇਟਰ ਦੇ ਹੱਥ ‘ਚ ਡੰਡਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਲਦ ਦੌੜਾਂ ਦੀ ਸਾਡੇ ਸੱਭਿਆਚਾਰ ‘ਚ ਅਹਿਮ ਥਾਂ ਹੈ ਅਤੇ ਬਲਦਾਂ ‘ਤੇ ਕੋਈ ਜ਼ੁਲਮ ਨਹੀਂ ਹੋਵੇਗਾ। ਇਸ ਦੇ ਲਈ ਅੱਜ ਵਿਧਾਨ ਸਭਾ ‘ਚ ਪ੍ਰੀਵੈਨਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ ਸੋਧ ਬਿੱਲ ਪਾਸ ਕੀਤਾ ਗਿਆ।

