ਚੰਡੀਗੜ੍ਹ, 1 ਜੁਲਾਈ 2022 – ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਾ ਦਿੱਤੀ ਹੈ। ਜਿਸ ਤਹਿਤ ਅੱਜ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਲੱਗ ਗਈ ਹੈ ਅਤੇ ਇਸ ਦੀ ਵਰਤੋਂ ਕਰਨ ਵਾਲੇ ‘ਤੇ ਸਖਤ ਕਾਰਵਾਈ ਹੋਵੇਗੀ। ਜਿਸਦਾ ਮਤਲਬ ਹੈ ਕਿ ਅੱਜ ਤੋਂ ਪਲਾਸਟਿਕ ਡਿਸਪੋਜ਼ਲ ‘ਚ ਲੋਕ ਖਾਣਾ ਨਹੀਂ ਖਾ ਸਕਣਗੇ।
ਸਰਕਾਰ ਵੱਲੋਂ ਥੋਕ ਵਿਕਰੇਤਾਵਾਂ, ਸਟਾਕ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਹੁਣ 1 ਜੁਲਾਈ ਤੋਂ ਹੋਟਲਾਂ, ਰੈਸਟੋਰੈਂਟਾਂ ਸਮੇਤ ਫੂਡ ਸਟਾਲਾਂ ‘ਤੇ ਪਲਾਸਟਿਕ ਦੇ ਡਿਸਪੋਸੇਬਲ ‘ਚ ਖਾਣਾ ਨਹੀਂ ਪਰੋਸਿਆ ਜਾਵੇਗਾ। ਹਾਲਾਂਕਿ ਨਿਰਮਾਤਾ ਦੀਆਂ ਪੈਕੇਜਿੰਗ ਸਮੱਗਰੀਆਂ ਪਹਿਲਾਂ ਵਾਂਗ ਹੀ ਵੇਚੀਆਂ ਜਾਣਗੀਆਂ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 1 ਜੁਲਾਈ ਤੋਂ ਬਾਅਦ ਚਲਾਨ ਵੀ ਕੱਟੇ ਜਾਣਗੇ।
ਜਿਸ ਤਹਿਤ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਜਿਵੇ ਕਿ ਪਲਾਸਟਿਕ ਸਟਿੱਕ ਈਅਰਬਰਡਜ਼, ਗੁਬਾਰਿਆਂ ਲਈ ਪਲਾਸਟਿਕ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ-ਆਈਸਕ੍ਰੀਮ ਸਟਿਕਸ, ਸਜਾਵਟ ਲਈ ਥਰਮੋਕੋਲ, ਪਲੇਟ, ਕੱਪ, ਗਲਾਸ, ਕਾਂਟੇ, ਚਮਚੇ, ਚਾਕੂ, ਸਟਰਾਅ, ਟਰੇ ਆਦਿ ’ਤੇ ਪਾਬੰਦੀ ਹੋਵੇਗੀ। ਮਿੱਠੇ ਦੇ ਡੱਬੇ, ਸੱਦਾ ਪੱਤਰ, ਸਿਗਰੇਟ ਦੇ ਪੈਕੇਟ ਅਤੇ 100 ਮਾਈਕਰੋਨ ਤੋਂ ਘੱਟ ਦੀ ਪੈਕਿੰਗ ਫਿਲਮ ‘ਤੇ ਵੀ ਸਰਕਾਰ ਦੇ ਹੁਕਮਾਂ ’ਤੇ ਇਹ ਪਾਬੰਦੀ 1 ਜੁਲਾਈ ਤੋਂ ਲਾਗੂ ਹੋ ਗਈ ਹੈ।

ਇਸ ਦੇ ਨਾਲ ਹੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਦੇ ਨਾਲ-ਨਾਲ ਇਸ ਦੇ ਨਿਰਮਾਣ, ਆਯਾਤ, ਭੰਡਾਰਨ, ਵਿਕਰੀ, ਵਰਤੋਂ ਆਦਿ ਵਰਗੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਹੋਵੇਗੀ।
