ਅੰਮ੍ਰਿਤਸਰ, 10 ਅਕਤੂਬਰ 2023 – ਸੰਗਤ ਵੱਲੋਂ ਸ਼ਰਧਾ ਅਤੇ ਸਤਿਕਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਕੀਤੇ ਜਾਣ ਵਾਲੇ ਪਰਫਿਊਮ ਸਪਰੇਅ ਉੱਤੇ ਸ਼੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਸਮੂਹ ਗੁਰਦੁਆਰਾ ਸਾਹਿਬਾਨਾਂ ਨੂੰ ਚਿੱਠੀ ਵੀ ਜਾਰੀ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ, “ਕੈਮੀਕਲ ਯੁਕਤ ਪਰਫਿਊਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਖ਼ਰਾਬ ਹੋਣ ਦੇ ਨਾਲ ਨਾਲ ਪਾਠੀ ਸਿੰਘਾਂ ਨੂੰ ਅੱਖਾਂ ਅਤੇ ਸਾਹ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।”
ਉਨ੍ਹਾਂ ਦਾ ਕਹਿਣਾ, “ਸੰਗਤਾਂ ਅਤੇ ਮੈਂਬਰਾਂ ਦੇ ਸਾਹਯੋਗ ਨਾਲ ਇਹ ਫੈਸਲਾ ਲਿਆ ਗਿਆ ਕਿਉਂਕਿ ਕੈਮੀਕਲ ਸੈਂਟ ਨਾਲ ਕਾਫੀ ਦਿੱਕਤਾਂ ਆਉਂਦੀਆਂ ਨੇ ਜਿਸ ਕਾਰਨ ਇਸ ‘ਤੇ ਰੋਕ ਲਾਗਾਈ ਗਈ ਹੈ। ਸੰਗਤਾਂ ਨੂੰ ਅਪੀਲ ਹੈ ਕਿ ਕੈਮੀਕਲ ਸਪਰੇਅ ਦੀ ਬਜਾਏ ਕੁਦਰਤੀ ਫੁੱਲਾਂ ਨਾਲ ਤਿਆਰ ਹੋਣ ਵਾਲੇ ਇੱਤਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਨੁਕਸਾਨ ਵੀ ਨਾ ਹੋਵੇ ਅਤੇ ਬੇਅਦਬੀ ਵੀ ਨਾ ਹੋਵੇ।”
ਇਸ ਸਬੰਧੀ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਗੁਰਦੁਆਰਾ ਸਾਹਿਬਾਨਾਂ ਨੂੰ ਲਿਖਤੀ ਪੱਤਰ ਜਾਰੀ ਕੀਤਾ ਗਿਆ ਹੈ।