ਬਠਿੰਡਾ, 30 ਅਕਤੂਬਰ 2022 – ਸ਼ਨੀਵਾਰ ਸਵੇਰੇ ਪਿੰਡ ਕੋਠਾ ਗੁਰੂਕਾ ਦੇ ਖੇਤ ਵਿੱਚੋਂ ਪਾਕਿਸਤਾਨ ਨਾਲ ਸਬੰਧਤ ਬੈਨਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਬੈਨਰ ਗੁਬਾਰੇ ਨਾਲ ਬੰਨ੍ਹ ਕੇ ਛੱਡਿਆ ਗਿਆ ਸੀ। ਸੂਚਨਾ ਮਿਲਣ ਤੇ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਕਤ ਬੈਨਰ ਨੂੰ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਪਾਕਿਸਤਾਨ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੈਲੀ ਸੀ। ਇਹ ਬੈਨਰ ਉਕਤ ਰੈਲੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਐੱਸ ਐੱਚ ਓ ਹਰਨੇਕ ਸਿੰਘ ਨੇ ਦੱਸਿਆ ਹੈ ਕਿ ਇਹ ਮਾਮਲਾ ਜ਼ਿਆਦਾ ਗੰਭੀਰ ਨਹੀਂ ਹੈ ਕਿਉਂਕਿ ਉਕਤ ਬੈਨਰ ਇਮਰਾਨ ਖ਼ਾਨ ਦੀ ਪਾਰਟੀ ਦਾ ਹੈ ਰੈਲੀ ਦੌਰਾਨ ਇਮਰਾਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਇਹ ਬੈਨਰ ਗੁਬਾਰੇ ਨਾਲ ਬੰਨ੍ਹ ਕੇ ਛੱਡੇ ਹੋਣਗੇ ਤੇ ਹਵਾ ਦੇ ਰੁਖ਼ ਨਾਲ ਗੁਬਾਰਾ ਹਿੰਦੁਸਤਾਨ ਵਿੱਚ ਆ ਗਿਆ ਤੇ ਤ੍ਰੇਲ ਪੈਣ ਕਾਰਣ ਪਿੰਡ ਕੋਠਾ ਗੁਰੂਕਾ ਦੇ ਖੇਤ ਵਿੱਚ ਡਿੱਗ ਪਿਆ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਸਿਰਫ਼ ਹਵਾ ਦਾ ਰੁਖ਼ ਭਾਰਤ ਵੱਲ ਹੋਣ ਕਾਰਨ ਵਾਪਰੀ ਹੈ। ਐਸਐਚਓ ਅਨੁਸਾਰ ਉਕਤ ਬੈਨਰ ਤੇ ਕਿਸੇ ਵੀ ਤਰ੍ਹਾਂ ਦੀ ਭਾਰਤ ਵਿਰੋਧੀ ਗੱਲ ਨਹੀਂ ਲਿਖੀ ਹੋਈ ਹੈ। ਬੈਨਰ ਤੇ ਇਮਰਾਨ ਖ਼ਾਨ ਦੀ ਪਾਰਟੀ ਦਾ ਪ੍ਰਚਾਰ ਕੀਤਾ ਗਿਆ ਹੈ। ਬੈਨਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।