ਲੁਧਿਆਣਾ, 4 ਮਾਰਚ 2023 – ਲੁਧਿਆਣਾ ਦੇ ਡੀਐਮਸੀ ਵਿੱਚ ਇਲਾਜ ਅਧੀਨ ਬਾਪੂ ਸੂਰਤ ਸਿੰਘ ਖਾਲਸਾ ਨੂੰ ਕਰੀਬ 8 ਸਾਲ ਬਾਅਦ ਜਗਰਾਉਂ ਦੇ ਉਨ੍ਹਾਂ ਦੇ ਪਿੰਡ ਹਸਨਪੁਰ ਭੇਜ ਦਿੱਤਾ ਗਿਆ। ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਬਾਪੂ ਸੂਰਤ ਸਿੰਘ ਖ਼ਾਲਸਾ ‘ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਇਨਸਾਫ਼ ਮੋਰਚਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਉਨ੍ਹਾਂ ਦੇ ਪਿੰਡ ਲਿਜਾਇਆ ਜਾ ਰਿਹਾ ਹੈ। ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਸਥਿਤ ਮੋਰਚੇ ‘ਤੇ ਵੀ ਲਿਜਾਇਆ ਜਾਵੇਗਾ। ਅੱਜ ਬਾਪੂ ਸੂਰਤ ਸਿੰਘ ਖਾਲਸਾ ਰਿਹਾਅ ਹੋ ਗਿਆ ਹੈ, ਕੱਲ ਬੰਦੀ ਸਿੰਘ ਵੀ ਰਿਹਾਅ ਹੋਣਗੇ।
ਇਸਦੇ ਨਾਲ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡਾਕਟਰਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਆਰਾਮ ਕਰਨ ਅਤੇ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਕਿਉਂਕਿ ਉਸ ਨੂੰ ਅਜੇ ਵੀ ਕੁਝ ਬੀਮਾਰੀਆਂ ਹਨ ਅਤੇ ਜੇਕਰ ਲੋੜ ਪਈ ਤਾਂ ਡਾਕਟਰਾਂ ਦੀ ਟੀਮ ਘਰ ਜਾ ਕੇ ਵੀ ਉਸ ਦੀ ਜਾਂਚ ਕਰੇਗੀ।