ਬਠਿੰਡਾ, 27 ਅਗਸਤ 2023: ਬਠਿੰਡਾ ਅਦਾਲਤ ਨੇ ਪਿਛਲੇ 10 ਸਾਲਾਂ ਤੋਂ ਆਪਣੇ ਖਿਲਾਫ਼ ਦਰਜ ਕੀਤੇ ਪੁਲਿਸ ਕੇਸ ਨੂੰ ਲੈ ਕੇ ਲੜਾਈ ਲੜ ਰਹੇ ਕੁਝ ਦਿਨ ਪਹਿਲਾਂ ਕੱਚਿਆਂ ਤੋਂ ਪੱਕੇ ਕੀਤੇ ਗਏ 91 ਅਧਿਆਪਕਾਂ ਜਿਨ੍ਹਾਂ ‘ਚ 48 ਮਹਿਲਾ ਅਧਿਆਪਕ ਸਨ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਅਧਿਆਪਕ ਆਗੂ ਦਵਿੰਦਰ ਸਿੰਘ ਸੰਧੂ ਮੁਕਤਸਰ ਅਤੇ ਮਨਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਐਸ.ਟੀਆਰ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ 29 ਅਪ੍ਰੈਲ 2013 ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਮੌਕੇ 91 ਕਰੀਬ ਅਧਿਆਪਕਾਂ ਖਿਲਾਫ਼ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਮੁਕੱਦਮਾ ਨੰਬਰ 98 ਦਰਜ ਕੀਤਾ ਗਿਆ ਸੀ। ਥਾਣਾ ਪੁਲਿਸ ਨੇ ਇਹ ਅਧਿਆਪਕ ਧਾਰਾ 283,188,149 ਵਰਗਿਆਂ ਸੰਗੀਨ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਅਧਿਆਪਕਾਂ ਨੂੰ ਫ਼ਰੀਦਕੋਟ ਜੇਲ੍ਹ ਵਿਚ ਭੇਜ ਦਿੱਤਾ ਜਦੋਂ ਕਿ ਪੁਰਸ਼ ਅਧਿਆਪਕ ਪਹਿਲਾਂ ਬਠਿੰਡਾ ਜੇਲ੍ਹ ਤੇ ਬਾਅਦ ਵਿਚ ਨਾਭਾ ਜੇਲ੍ਹ ਵਿਚ ਭੇਜ ਦਿੱਤੇ ਸਨ। ਇਹ ਅਧਿਆਪਕ ਲਗਭਗ 42 ਦਿਨਾਂ ਤੱਕ ਜੇਲ੍ਹ ਵਿਚ ਰਹਿਣ ਉਪਰੰਤ ਆਪਣੀਆਂ ਜਮਾਨਤਾਂ ਕਰਵਾਕੇ ਜੇਲ੍ਹਾਂ ਵਿਚੋਂ ਬਾਹਰ ਆਏ ਸਨ।
ਯੂਨੀਅਨ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ 2013 ਨੂੰ ਇਸ ਮੁਕੱਦਮੇ ਦੀ ਪੈਰਵਾਈ ਐਡਵੋਕੇਟ ਸਤੀਸ਼ ਰਾਣਾ ਅਤੇ ਰਮਨਦੀਪ ਕੌਰ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦੋਨਾਂ ਵਕੀਲਾਂ ਨੇ ਅਦਾਲਤ ਅੱਗੇ ਅਧਿਆਪਕਾਂ ਦਾ ਪੱਖ ਜ਼ੋਰਦਾਰ ਰੱਖਿਆ ਸੀ। ਅੰਤ ਨੂੰ ਲੰਘੀ 25 ਅਗਸਤ ਵਾਲੇ ਦਿਨ ਜੁਡੀਸ਼ੀਅਲ ਮੈਜਿਸਟਰੇਟ ਬਠਿੰਡਾ ਨੇ ਵਕੀਲਾਂ ਦੀਆਂ ਦਲੀਲ ਨਾਲ ਸਹਿਮਤ ਹੁੰਦਿਆਂ ਸਾਰੇ ਅਧਿਆਪਕਾਂ ਨੂੰ ਬਾ-ਇੱਜਤ ਬਰੀ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਉਸ ਵਕਤ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਸੀ ਪਰ ਅਖੀਰ ਨੂੰ ਸੱਚਾਈ ਦੀ ਜਿੱਤ ਹੋਈ ਹੈ। ਫੈਸਲੇ ਵਾਲੇ ਦਿਨ ਇਸ ਕੇਸ ਨਾਲ ਜੁੜੇ ਸਮੂਹ ਅਧਿਆਪਕ ਹਾਜ਼ਰ ਸਨ।