ਜਲੰਧਰ, 8 ਸਤੰਬਰ 2022 – ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਉਰਫ ਭੱਜੀ ਨੇ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਬਠਿੰਡਾ ਦੀ ਰਹਿਣ ਵਾਲੀ ਕਮਲਜੀਤ ਕੌਰ ਨੂੰ ਓਮਾਨ ਦੀ ਰਾਜਧਾਨੀ ਮਸਕਟ ਤੋਂ ਛੁਡਵਾਇਆ ਹੈ। ਕਮਲਜੀਤ ਕੌਰ ਨੇ ਬੁੱਧਵਾਰ ਨੂੰ ਆਪਣੇ ਘਰ ਪਹੁੰਚੀ ਅਤੇ ਉਸ ਨੇ ਹਰਭਜਨ ਸਿੰਘ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।
ਮਾਮਲੇ ਸਬੰਧੀ ਹਰਭਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਜਾਣਕਾਰ ਨੇ ਦੱਸਿਆ ਕਿ ਬਠਿੰਡਾ ਦੀ ਰਹਿਣ ਵਾਲੀ ਕਮਲਜੀਤ ਕੌਰ ਮਸਕਟ ‘ਚ ਫਸੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉੱਥੋਂ ਦੇ ਦੂਤਘਰ ਦੀ ਮਦਦ ਨਾਲ ਉਸ ਨੂੰ ਰਿਹਾਅ ਕਰਵਾਇਆ। ਭੱਜੀ ਇਸ ਤੋਂ ਪਹਿਲਾਂ ਵੀ ਟਵਿਟਰ ਰਾਹੀਂ ਆਮ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਸੁਰਖੀਆਂ ‘ਚ ਰਹੇ ਹਨ।
ਜਦੋਂ ਭੱਜੀ ਨੂੰ ਕਮਲਜੀਤ ਕੌਰ ਵੱਲੋਂ ਮਸਕਟ ਤੋਂ ਭੱਜੀ ਨੂੰ ਭੇਜੇ ਗਏ ਤਸ਼ੱਦਦ ਦੇ ਵੀਡੀਓ ਅਤੇ ਹੋਰ ਸੰਦੇਸ਼ ਦਿਖਾਏ ਗਏ ਤਾਂ ਉਸ ਨੇ ਤੁਰੰਤ ਕਮਲਜੀਤ ਦੀ ਮਦਦ ਕਰਨ ਦਾ ਫੈਸਲਾ ਕੀਤਾ। ਕਮਲਜੀਤ ਕੌਰ ਟਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਈ ਸੀ। ਮਸਕਟ ਪਹੁੰਚਣ ਤੋਂ ਬਾਅਦ ਉਸ ਦਾ ਪਾਸਪੋਰਟ ਅਤੇ ਮੋਬਾਈਲ ਸਿਮ ਜ਼ਬਤ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ‘ਤੇ ਤਸ਼ੱਦਦ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਨੂੰ ਵਾਪਸ ਆਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ।

ਹਰਭਜਨ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਮਸਕਟ ਦੇ ਰਾਜਦੂਤ ਨਾਲ ਸੰਪਰਕ ਕੀਤਾ। ਰਾਜਦੂਤ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਮਲਜੀਤ ਨੂੰ ਮਸਕਟ ਤੋਂ ਬਾਹਰ ਕੱਢ ਕੇ ਪੰਜਾਬ ਭੇਜ ਦਿੱਤਾ।
ਪੰਜਾਬ ਵਿੱਚ ਘਰ ਪਰਤਦਿਆਂ ਕਮਲਜੀਤ ਕੌਰ ਨੇ ਦੱਸਿਆ ਕਿ ਕਈ ਹੋਰ ਲੜਕੀਆਂ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਚੁੱਕੀਆਂ ਹਨ। ਕਈ ਕੁੜੀਆਂ ਉਥੇ ਮੌਜੂਦ ਹਨ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਭੱਜੀ ਨੇ ਕਿਹਾ ਕਿ ਜੇਕਰ ਉਹ ਰਾਜ ਸਭਾ ਮੈਂਬਰ ਨਹੀਂ ਹੁੰਦਾ ਤਾਂ ਵੀ ਉਹ ਲੜਕੀ ਦੀ ਮਦਦ ਜ਼ਰੂਰ ਕਰਦਾ। ਕਮਲਜੀਤ ਕੌਰ ਨੂੰ ਕਿਸ ਏਜੰਟ ਨੇ ਮਸਕਟ ਭੇਜਿਆ, ਕੀ ਕਹਿ ਕੇ ਭੇਜਿਆ, ਇਸ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਉਸ ਨੂੰ ਵੀ ਫੜਿਆ ਜਾਵੇਗਾ।
