ਮਾਨਸਾ 16 ਨਵੰਬਰ 2024 – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬੀ. ਡੀ. ਪੀ. ਓ. ਬੁਢਲਾਡਾ ਮੇਜਰ ਸਿੰਘ ਨੂੰ ਪ੍ਰਾਇਮਰੀ ਸਕੂਲਾਂ ‘ਚ ਆਰ. ਓ. ਲਗਾਉਣ ਦੇ ਮਾਮਲੇ ‘ਚ ਘਪਲਾ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਬੁਢਲਾਡਾ ਦੇ 43 ਪਿੰਡਾਂ ‘ਚ ਵਿਭਾਗ ਵੱਲੋਂ ਸ਼ੁੱਧ ਪਾਣੀ ਦੇ ਆਰ. ਓ. ਲਗਾਏ ਜਾਣੇ ਸਨ ਪਰ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਕੁੱਝ ਅਧਿਕਾਰੀਆਂ ਵੱਲੋਂ ਮਿਲ ਕੇ ਇਨ੍ਹਾਂ ਆਰ. ਓ. ਦੀ ਮਿਆਦ ਘਟੀਆ ਪਾਈ ਗਈ। ਇਸ ਦੀ ਪੜਤਾਲ ਲਈ ਏ. ਡੀ. ਸੀ. ਮਾਨਸਾ ਨੂੰ ਪੱਤਰ ਲਿਖ ਕੇ ਜਾਣੂੰ ਕਰਵਾਇਆ ਗਿਆ।
ਪੜਤਾਲ ਦੌਰਾਨ ਘਪਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਵਿਭਾਗ ਵੱਲੋਂ ਉਕਤ ਬੀ. ਡੀ. ਪੀ. ਓ. ਨੂੰ ਮੁਅੱਤਲ ਕਰ ਦਿੱਤਾ ਗਿਆ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਚੁੱਕਾ ਹੈ ਅਤੇ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਅਗੇਰਲੀ ਜਾਂਚ ਲਈ ਵਿਜੀਲੈਂਸ ਵਿਭਾਗ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।