ਚੰਡੀਗੜ੍ਹ, 12 ਮਾਰਚ 2022 – ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅੱਜ ਪੰਜਾਬ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਇਸ ਦੇ ਲਈ ਉਹ ਸਵੇਰੇ 10.30 ਵਜੇ ਚੰਡੀਗੜ੍ਹ ਵਿੱਚ ਰਾਜਪਾਲ ਬੀਐਲ ਪੁਰੋਹਿਤ ਨੂੰ ਮਿਲੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੋਹਾਲੀ ‘ਚ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਕੱਲ੍ਹ ਅੰਮ੍ਰਿਤਸਰ ‘ਚ ‘ਆਪ’ ਦਾ ਜੇਤੂ ਰੋਡ ਸ਼ੋਅ ਹੋਵੇਗਾ, ਜਿਸ ‘ਚ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਿਰਕਤ ਕਰਨਗੇ।
ਰੋਡ ਸ਼ੋਅ ਤੋਂ ਪਹਿਲਾਂ ਉਹ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ। 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ 12.30 ਵਜੇ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਮਾਨ ਨੇ ਕਿਹਾ ਕਿ ਇਸ ਵਾਰ ਮੁੱਖ ਮੰਤਰੀ ਰਾਜ ਭਵਨ ਜਾਂ ਮਹਿਲ ਵਿੱਚ ਨਹੀਂ ਸਗੋਂ ਪਿੰਡ ਵਿੱਚ ਸਹੁੰ ਚੁੱਕਣਗੇ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਹਨ। ਸਿਰਫ਼ 18 ਕਾਂਗਰਸ, 4 ਅਕਾਲੀ ਦਲ, 2 ਭਾਜਪਾ ਅਤੇ ਇੱਕ ਆਜ਼ਾਦ ਉਮੀਦਵਾਰ ਨੂੰ ਸੀਟ ਮਿਲੀ। ਸੂਬੇ ਵਿੱਚ ‘ਆਪ’ ਦੀ ਸੁਨਾਮੀ ਅਜਿਹੀ ਸੀ ਕਿ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਸੀਐਮ ਚਰਨਜੀਤ ਚੰਨੀ, ਨਵਜੋਤ ਸਿੱਧੂ ਵਰਗੇ ਕਈ ਦਿੱਗਜ ਆਗੂ ਹਾਰ ਗਏ।