ਚੰਡੀਗੜ੍ਹ, 17 ਮਾਰਚ 2022 – 16 ਮਾਰਚ ਨੂੰ ਭਗਵੰਤ ਮਾਨ ਨੇ ਸੀ ਐਮ ਵੱਜੋਂ ਸਹੁੰ ਚੁੱਕ ਲਈ ਹੈ। ਸੀ ਐਮ ਬਣਨ ਤਕ ਉਹਨਾਂ ਦੇ ਪਰਿਵਾਰ ਦਾ ਵੀ ਅਹਿਮ ਰੋਲ ਰਿਹਾ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਦਾ ਹੌਸਲਾ ਵਧਾਉਣ ਲਈ ਬੁੱਧਵਾਰ ਨੂੰ ਉਨ੍ਹਾਂ ਦੇ ਦੋਵੇਂ ਬੱਚੇ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਭਗਵੰਤ ਦਾ ਬੇਟਾ ਦਿਲਸ਼ਾਨ ਅਤੇ ਬੇਟੀ ਸੀਰਤ ਕੌਰ ਆਪਣੀ ਮਾਂ ਇੰਦਰਪ੍ਰੀਤ ਕੌਰ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਇਸ ਵਾਰ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਹੀ ਨਜ਼ਰ ਆਈਆਂ।
ਭਗਵੰਤ ਮਾਨ ਦਾ ਸਾਲ 2015 ਵਿੱਚ ਪਤਨੀ ਇੰਦਰਪ੍ਰੀਤ ਕੌਰ ਤੋਂ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਭਗਵੰਤ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀਆਂ ਰਹੀਆਂ। ਭਗਵੰਤ ਆਪਣੀ ਮਾਂ ਹਰਪਾਲ ਕੌਰ ਦੇ ਬਹੁਤ ਕਰੀਬ ਹੈ। ਹਰਪਾਲ ਕੌਰ ਜ਼ਿਆਦਾਤਰ ਸਮਾਂ ਆਪਣੇ ਜੱਦੀ ਪਿੰਡ ਸਤੋਜ (ਜ਼ਿਲ੍ਹਾ ਸੰਗਰੂਰ) ਵਿੱਚ ਰਹਿੰਦੀ ਹੈ। ਜਦੋਂ ਭਗਵੰਤ ਮਾਨ ਧੂਰੀ ਸੀਟ ਤੋਂ ਨਾਮਜ਼ਦਗੀ ਭਰਨ ਗਏ ਤਾਂ ਉਨ੍ਹਾਂ ਦੀ ਮਾਤਾ ਉਨ੍ਹਾਂ ਦੇ ਨਾਲ ਸੀ। 10 ਮਾਰਚ ਨੂੰ ਜਦੋਂ ਨਤੀਜੇ ਸਾਹਮਣੇ ਆਏ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਲਗਭਗ ਤਿੰਨ-ਚੌਥਾਈ ਬਹੁਮਤ ਹਾਸਲ ਕੀਤਾ, ਉਦੋਂ ਵੀ ਉਹ ਸਟੇਜ ‘ਤੇ ਆਪਣੀ ਮਾਂ ਨਾਲ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨੇ ਧੂਰੀ ਵਿਧਾਨ ਸਭਾ ਸੀਟ ‘ਤੇ ਭਗਵੰਤ ਮਾਨ ਦੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ।
ਭਗਵੰਤ ਮਾਨ ਨੇ ਆਪਣਾ ਸਿਆਸੀ ਸਫ਼ਰ ਸਾਲ 2014 ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਤੋਂ ਸ਼ੁਰੂ ਕੀਤਾ ਸੀ। ਉਸ ਸਮੇਂ ਪਤਨੀ ਇੰਦਰਪ੍ਰੀਤ ਕੌਰ ਅਤੇ ਦੋਵੇਂ ਬੱਚੇ ਦਿਲਸ਼ਾਨ ਅਤੇ ਸੀਰਤ ਕੌਰ ਉਸ ਦੇ ਨਾਲ ਸਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਉਹ ਪਹਿਲੀ ਵਾਰ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜੇ ਤਾਂ ਇੰਦਰਪ੍ਰੀਤ ਕੌਰ ਨੇ ਉਨ੍ਹਾਂ ਦੀ ਚੋਣ ਪ੍ਰਚਾਰ ਵਿੱਚ ਵੱਡੀ ਭੂਮਿਕਾ ਨਿਭਾਈ। ਇੰਦਰਪ੍ਰੀਤ ਕੌਰ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਪਿੰਡ-ਪਿੰਡ ਜਾ ਕੇ ਭਗਵੰਤ ਮਾਨ ਲਈ ਵੋਟਾਂ ਮੰਗੀਆਂ। ਉਸ ਚੋਣ ਵਿਚ ਭਗਵੰਤ ਦੀ ਜਿੱਤ ਹੋਈ ਸੀ। ਇਸ ਦੇ ਇੱਕ ਸਾਲ ਬਾਅਦ ਭਾਵ 2015 ਵਿੱਚ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ ਵੱਖ ਹੋ ਗਏ। ਤਲਾਕ ਤੋਂ ਬਾਅਦ ਇੰਦਰਪ੍ਰੀਤ ਕੌਰ ਆਪਣੇ ਦੋ ਬੱਚਿਆਂ ਦਿਲਸ਼ਾਨ ਅਤੇ ਸੀਰਤ ਕੌਰ ਨਾਲ ਅਮਰੀਕਾ ਚਲੀ ਗਈ ਅਤੇ ਉੱਥੇ ਰਹਿਣ ਲੱਗ ਪਈ।
ਇੰਦਰਪ੍ਰੀਤ ਕੌਰ ਮੂਲ ਰੂਪ ਤੋਂ ਲੁਧਿਆਣਾ ਦੀ ਰਹਿਣ ਵਾਲੀ ਹੈ। ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਅਸੀਂ ਦੋਵੇਂ ਸਰੀਰਕ ਤੌਰ ‘ਤੇ ਦੂਰ ਹਾਂ ਪਰ ਮੈਂ ਹਮੇਸ਼ਾ ਉਨ੍ਹਾਂ ਦੀ ਕਾਮਯਾਬੀ ਲਈ ਅਰਦਾਸ ਕਰਦੀ ਹਾਂ ਅਤੇ ਅੱਗੇ ਵੀ ਕਰਦੀ ਰਹਾਂਗੀ। ਮੈਂ ਉਸ ਨੂੰ ਕਦੇ ਬੁਰਾ ਨਹੀਂ ਕਿਹਾ।
ਭਗਵੰਤ ਮਾਨ ਦੀ 21 ਸਾਲਾ ਬੇਟੀ ਸੀਰਤ ਕੌਰ ਅਤੇ 17 ਸਾਲਾ ਬੇਟਾ ਦਿਲਸ਼ਾਨ ਆਪਣੇ ਪਿਤਾ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਪੰਜਾਬ ਪਹੁੰਚੇ ਸਨ। ਦੋਵੇਂ ਮੰਗਲਵਾਰ ਨੂੰ ਚੰਡੀਗੜ੍ਹ ਅਤੇ ਉਥੋਂ ਬੁੱਧਵਾਰ ਸਵੇਰੇ ਖਟਕੜਕਲਾਂ ਪਹੁੰਚੇ। ਦੋਵਾਂ ਨੇ ਆਪਣੇ ਪਿਤਾ ਨੂੰ ਵਧਾਈ ਦਿੱਤੀ। ਪ੍ਰੋਗਰਾਮ ਵਿੱਚ ਦਿਲਸ਼ਾਨ ਅਤੇ ਸੀਰਤ ਕੌਰ ਆਪਣੀ ਦਾਦੀ ਹਰਪਾਲ ਕੌਰ ਨਾਲ ਬੈਠੇ ਨਜ਼ਰ ਆਏ।
ਪਤਨੀ ਇੰਦਰਪ੍ਰੀਤ ਕੌਰ ਤੋਂ ਤਲਾਕ ਤੋਂ ਬਾਅਦ ਭਗਵੰਤ ਮਾਨ ਨੇ ਹਮੇਸ਼ਾ ਹੀ ਪੂਰੇ ਪੰਜਾਬ ਨੂੰ ਆਪਣਾ ਪਰਿਵਾਰ ਦੱਸਿਆ ਹੈ। ਮਾਨ ਅਨੁਸਾਰ ਪੰਜਾਬ ਦੇ ਸਾਰੇ ਲੋਕ ਉਨ੍ਹਾਂ ਦਾ ਪਰਿਵਾਰ ਹਨ ਅਤੇ ਉਹ ਉਨ੍ਹਾਂ ਦੇ ਦੁੱਖ-ਸੁੱਖ ਨੂੰ ਮਹਿਸੂਸ ਕਰਦੇ ਹਨ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਭਗਵੰਤ ਮਾਨ ਆਪਣੇ ਬੱਚਿਆਂ ਲਈ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ।