-12 ਕਰੋੜ ਰੁਪਏ ਦੇ ਕੰਮਾ ਦੇ ਟੈਂਡਰ ਜਾਰੀ
- ਜੈਤਾ ਜੀ ਦੀ ਯਾਦਗਰ ਵਿਚ 50 ਫੁੱਟ ਦਾ ਖੰਡਾ ਹੋਵੇਗਾ ਸਥਾਪਤ
ਚੰਡੀਗੜ੍ਹ, 19 ਜਨਵਰੀ 2021 – ਪੰਜਾਬ ਸਰਕਾਰ ਵੱਲੋਂ ਭਾਈ ਜੈਤਾ ਜੀ ਯਾਦਗਾਰ ਨੂੰ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਸੇਸ਼ ਪਹਿਲਕਦਮੀ ਕਰਦਿਆਂ ਇਸ ਯਾਦਗਰ ਨੂੰ ਮੁਕੰਮਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ’ਤੇ ਅਮਲ ਕਰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਨੇ ਭਾਈ ਜੈਤਾ ਜੀ ਯਾਦਗਰ ਨੂੰ ਮੁਕੰਮਲ ਕਰਨ ਲਈ 12 ਕਰੋੜ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਭਾਈ ਜੈਤਾ ਜੀ ਦੇ ਜਨਮ ਦਿਵਸ ਦੇ ਮੌਕੇ ਇਸ ਯਾਦਗਾਰ ਨੂੰ ਮੁਕੰਮਲ ਕਰਨ ਲਈ ਟੈਂਡਰ ਲਗਾਇਆ ਹੈ। ਉਨਾਂ ਦੱਸਿਆ ਕਿ ਹਰ ਹਾਲਤ ਵਿਚ ਭਾਈ ਜੈਤਾ ਜੀ ਯਾਦਗਾਰ ਨੂੰ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਯਾਦਗਰ ਵਿਚ ਭਾਈ ਜੈਤਾ ਜੀ ਦੇ ਜੀਵਨ ਬਾਰੇ ਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਚੰਨੀ ਨੇ ਦੱਸਿਆ ਕਿ ਭਾਈ ਜੈਤਾ ਜੀ ਯਾਦਗਾਰ ਵਿੱਚ ਇੱਕ ਦਿੱਲ ਖਿੱਚਵਾਂ ਕੰਪਲੈਕਸ ਬਣ ਰਿਹਾ ਹੈ। ਜਿੱਥੇ ਇੱਕ 50 ਫੁੱਟ ਦਾ ਖੰਡਾ ਹੋਵੇਗਾ, ਜਿਸ ਵਿੱਚ ਵਾਟਰ ਬਾਡੀ ਹੋਵੇਗੀ ਅਤੇ ਇਸ ਦਾ ਭਾਰ ਤਕਰੀਬਨ 32 ਟਨ ਹੋਵੇਗਾ, ਜੋ ਕਿ ਇਸ ਯਾਦਗਰੀ ਕੰਪਲੈਕਸ ਵਿੱਚ ਮੁੱਖੀ ਆਕਰਸ਼ਣ ਦਾ ਕੇਂਦਰ ਹੋਵੇਗਾ।
ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਯਾਦਗਾਰ ਵਿੱਚ ਭਾਈ ਜੈਤਾ ਜੀ ਦੇ ਜੀਵਨ ਬਾਰੇ ਵਿਸਤਾਰਤ ਜਾਣਕਾਰੀ ਅਤੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ ਪਾਵਨ ਸੀਸ ਨੂੰ ਦਿੱਲੀ ਦੇ ਚਾਂਦਨੀ ਚੌਂਕ ਤੋਂ ਲੈ ਕੇ ਅਨੰਦਪੁਰ ਸਾਹਿਬ ਆਉਣ ਤੱਕ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਪੇਸ਼ ਕੀਤੀ ਜਾਵੇਗੀ।