- ਹਰ ਜ਼ਿਲ੍ਹੇ ‘ਚ ਆਰ.ਟੀ.ਓ. ਸਿਸਟਮ ਸ਼ੁਰੂ ਕੀਤਾ ਜਾਵੇਗਾ: ਲਾਲਜੀਤ ਸਿੰਘ ਭੁੱਲਰ
- ਸ੍ਰੀ ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਬਾਅਦ ਪੰਜਾਬ ਦਾ ਤੀਜਾ ਅਜਿਹਾ ਸੈਂਟਰ ਰੋਪੜ ਵਿਖੇ ਖੁੱਲ੍ਹਿਆ
ਚੰਡੀਗੜ੍ਹ, 14 ਮਈ 2023 – ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਸਰਕਾਰੀ ਅੱਜ ਆਈ.ਟੀ.ਆਈ. ਰੂਪਨਗਰ ਵਿਖੇ ਜ਼ਿਲ੍ਹਾ ਰੈੱਡ ਕਰਾਸ ਦੀ ਮਦਦ ਨਾਲ ਬਣਾਏ ਗਏ ਇੰਸਟੀਚਿਊਟ ਆਫ਼ ਆਟੋਮੋਟਿਵ ਅਤੇ ਡਰਾਇਵਿੰਗ ਸਕਿੱਲਜ਼ ਦਾ ਉਦਘਾਟਨ ਕੀਤਾ। ਸ੍ਰੀ ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਬਾਅਦ ਪੰਜਾਬ ਦਾ ਇਹ ਤੀਜਾ ਅਜਿਹਾ ਸੈਂਟਰ ਹੈ, ਜਿਸ ਨੂੰ ਰੋਪੜ ਵਿਖੇ ਖੋਲ੍ਹਿਆ ਗਿਆ ਹੈ।
ਉਦਘਾਟਨ ਸਮਾਰੋਹ ਦੌਰਾਨ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਇਹ ਵੱਡੀ ਮੰਗ ਸੀ ਕਿ ਜ਼ਿਲ੍ਹੇ ਵਿਚ ਡਰਾਇਵਿੰਗ ਸਕਿੱਲਜ਼ ਸੈਂਟਰ ਦੀ ਸਥਾਪਨਾ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਡਰਾਇਵਿੰਗ ਲਾਇਸੈਂਸ ਅਤੇ ਟ੍ਰੇਨਿੰਗ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਉਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਹਾਜ਼ਰ ਸਨ।
ਉਨ੍ਹਾਂ ਇੱਥੇ ਇਹ ਵੀ ਜ਼ਿਕਰ ਕੀਤਾ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਸ੍ਰੀ ਮੁਕਤਸਰ ਸਾਹਿਬ ਤੇ ਹੁਸ਼ਿਆਰਪੁਰ ਦੇ ਸੈਂਟਰ ਨੂੰ ਹੀ ਕਈ ਜ਼ਿਲ੍ਹਿਆਂ ਨੂੰ ਕਵਰ ਕਰਨਾ ਪੈਂਦਾ ਸੀ ਜਿਸ ਨਾਲ ਦੂਰ-ਦੂਰਾਡੇ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਸਾਡੀ ਸਰਕਾਰ ਦੇ ਯਤਨਾਂ ਸਦਕਾ ਆਉਣ ਵਾਲੇ ਸਮੇਂ ਵਿੱਚ ਹਰ ਜ਼ਿਲ੍ਹੇ ਵਿੱਚ ਆਰ.ਟੀ.ਓ. ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਟ੍ਰੇਨਿੰਗ ਲੈਣ ਵਿੱਚ ਬਹੁਤ ਆਸਾਨੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੋ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੂਰੇ ਦ੍ਰਿੜ੍ਹ ਇਰਾਦੇ ਨਾਲ ਕੰਮ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਪ੍ਰੇਸ਼ਾਨੀ ਨਾ ਆਏ।
ਐਡਵੋਕੇਟ ਦਿਨੇਸ਼ ਚੱਢਾ ਨੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਇੰਸਟੀਚਿਊਟ ਦੀ ਸਥਾਪਨਾ ਦੇ ਜ਼ਿਲ੍ਹੇ ਲਈ ਬਹੁਤ ਵੱਡੇ ਮਾਅਨੇ ਹਨ ਕਿਉਂ ਕਿ ਦਿੱਲੀ ਤੇ ਹਿਮਾਚਲ ਪ੍ਰਦੇਸ਼ ਵਿੱਚ ਜ਼ਿਆਦਾਤਰ ਟਰਾਂਸਪੋਰਟਰ ਰੋਪੜ ਜ਼ਿਲ੍ਹੇ ਨਾਲ ਸਬੰਧਤ ਹਨ ਪਰੰਤੂ ਉਨ੍ਹਾਂ ਟਰਾਸਪੋਰਟਰਾਂ ਨੂੰ ਹੈਵੀ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਸ੍ਰੀ ਮੁਕਤਸਰ ਸਾਹਿਬ ਕੋਲ ਪਿੰਡ ਮਹੂਆਣਾ ਜਾਣਾ ਪੈਂਦਾ ਸੀ ਜਿਸ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਪਹਿਲਾਂ ਸੂਬੇ ਵਿਚ ਸਿਰਫ਼ 2 ਸੈਂਟਰ ਹੀ ਪੰਜਾਬ ਵਿਚ ਚੱਲ ਰਹੇ ਹਨ, ਇੱਕ ਹੁਸ਼ਿਆਰਪੁਰ ਅਤੇ ਦੂਜਾ ਮਹੂਆਣਾ (ਸ੍ਰੀ ਮੁਕਤਸਰ ਸਾਹਿਬ) ਸੀ। ਹੁਣ ਇਹ ਤੀਜਾ ਸੈਂਟਰ ਰੂਪਨਗਰ ਵਿੱਚ ਖੋਲ੍ਹਿਆ ਜਾ ਰਿਹਾ ਹੈ, ਜੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਸੈਂਟਰ ਵਿੱਚ 2 ਦਿਨ ਟ੍ਰੇਨਿੰਗ ਲਈ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਲਈ ਪੂਰੀ ਜਾਣਕਾਰੀ ਜਲਦ ਆਨਲਾਈਨ ਉਪਲੱਬਧ ਕਰਵਾ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਵਿੱਚ ਕੁੱਲ 30 ਸਲੋਟ ਹੋਣਗੇ, ਜਿਨ੍ਹਾਂ ਵਿੱਚੋਂ 5 ਤਤਕਾਲੀਨ ਜ਼ਰੂਰਤਾਂ ਲਈ ਰਾਖਵੇਂ ਰੱਖੇ ਜਾਣਗੇ। ਇਸ ਦੌਰਾਨ ਉਮੀਦਵਾਰਾਂ ਨੂੰ ਐਮਰਜੈਂਸੀ ਹਾਲਾਤ ਨਾਲ ਨਿਪਟਣ ਲਈ ਫ਼ਸਟ ਏਡ ਦੀ ਸਿਖਲਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਕਪਤਾਨ ਪੁਲਿਸ (ਡਿਟੈਕਟਿਵ) ਸ੍ਰੀ ਮਨਵਿੰਦਰ ਬੀਰ ਸਿੰਘ, ਡੀ.ਐਸ.ਪੀ. ਤ੍ਰਿਲੋਚਨ ਸਿੰਘ, ਡੀ.ਡੀ.ਐਫ. ਗਿਰਜਾ ਸ਼ੰਕਰ, ਸਕੱਤਰ ਰੈੱਡ ਕਰਾਸ ਸ. ਗੁਰਸੋਹਨ ਸਿੰਘ, ਐਮ.ਵੀ.ਆਈ. ਰਣਪ੍ਰੀਤ ਸਿੰਘ, ਕਿਰਨਪ੍ਰੀਤ ਗਿੱਲ, ਡੀ.ਐਸ. ਦਿਓਲ, ਕੀਨਾ ਐਰੀ, ਸ੍ਰੀਮਤੀ ਆਦਰਸ਼ ਸ਼ਰਮਾ, ਗੁਰਸੀਰਤ ਕੌਰ, ਪ੍ਰਿੰ. ਰਮਿੰਦਰ ਸਿੰਘ, ਪੀ.ਏ. ਸਤਨਾਮ ਸਿੰਘ ਗਿੱਲ, ਸੀਨੀਅਰ ਪਾਰਟੀ ਆਗੂ ਭਾਗ ਸਿੰਘ ਮੈਦਾਨ, ਰਾਮ ਕੁਮਾਰ ਮੁਕਾਰੀ ਅਤੇ ਹੋਰ ਅਧਿਕਾਰੀ ਤੇ ਸੱਜਣ ਹਾਜ਼ਰ ਸਨ।