ਚੰਡੀਗੜ੍ਹ, 18 ਦਸੰਬਰ, 2024 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ‘ਚ ਅੱਜ ਬੀਬੀ ਜਗੀਰ ਕੌਰ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ ਅਤੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੋਇਆ ਹੈ ਕਿ ਪੰਜਾਬ ‘ਚ ਔਰਤਾਂ ਦੇ ਸਤਿਕਾਰ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਨੇ ਇਹ ਕਮਿਸ਼ਨ ਬਣਾਇਆ ਹੈ। ਪ੍ਰੋ. ਧਾਮੀ ਬਾਰੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਇਕ ਮਹਾਨ ਅਹੁਦੇ ‘ਤੇ ਬੈਠਾ ਹੋਇਆ ਪ੍ਰਧਾਨ ਇਸ ਤਰ੍ਹਾਂ ਦੀ ਭਾਸ਼ਾ ਬੋਲੇਗਾ, ਇਸ ਦੀ ਸਾਰੀ ਸਿੱਖ ਕੌਮ ਅਤੇ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕਾਂ ਨੇ ਵੀ ਮਹਿਸੂਸ ਕੀਤਾ ਹੈ ਕਿ ਜੋ ਅਪਸ਼ਬਦ ਪ੍ਰੋ. ਧਾਮੀ ਵਲੋਂ ਬੋਲੇ ਗਏ ਹਨ, ਉਹ ਬਹੁਤ ਵੱਡੀ ਗਲਤੀ ਹੈ ਅਤੇ ਉਨ੍ਹਾਂ ਨੇ ਸਿੱਖ ਕੌਮ ਦੇ ਮਹਾਨ ਅਹੁਦੇ ਨੂੰ ਅਪਮਾਨਿਤ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਇਸ ਅਹੁਦੇ ਦੀ ਤੌਹੀਨ ਹੋਈ ਹੈ ਅਤੇ ਇਹ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗਾਲ੍ਹਾਂ ਕੱਢਣ ਦਾ ਖ਼ੁਦ ਨੂੰ ਦੋਸ਼ੀ ਮੰਨ ਕੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਇਆ ਹੈ।
ਇਹ ਵੀ ਸਾਡੇ ਵਾਸਤੇ ਬਹੁਤ ਵੱਡਾ ਕਲੰਕ ਹੈ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਧਾਨ ਅੱਜ ਇੱਥੇ ਤਲਬ ਕੀਤਾ ਗਿਆ ਹੈ, ਪਰ ਮੇਰਾ ਮੰਨਣਾ ਹੈ ਕਿ ਜਿਸ ਨੇ ਉਸ ਕੁਰਸੀ ਦਾ ਅਪਮਾਨ ਕੀਤਾ ਹੈ, ਉਸ ਨੂੰ ਇਸੇ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਮਹਿਲਾ ਕਮਿਸ਼ਨ ਨੂੰ ਕਹਿ ਕੇ ਆਈ ਹੈ ਕਿ ਤੁਸੀਂ ਆਪਣੀ ਕਾਰਵਾਈ ਕਰੋ ਅਤੇ ਜੇਕਰ ਉਨ੍ਹਾਂ ਨੂੰ ਲੱਗਾ ਤਾਂ ਉਹ ਕਾਨੂੰਨੀ ਕਾਰਵਾਈ ਵੀ ਕਰਨਗੇ। ਜਦੋਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਕਿ ਪ੍ਰੋ. ਧਾਮੀ ਨੇ ਉਨ੍ਹਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਕੀ ਉਹ ਮੁਆਫ਼ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਕੁੱਝ ਨਹੀਂ ਕਹਿਣਾ। ਉਨ੍ਹਾਂ ਕਿਹਾ ਕਿ ਜੇਕਰ ਬੰਦਾ ਖ਼ੁਦ ਨੂੰ ਹੀ ਦੋਸ਼ੀ ਮੰਨ ਲਵੇ ਤਾਂ ਫਿਰ ਸਜ਼ਾ ਤਾਂ ਮਿਲਦੀ ਹੀ ਹੈ।