ਬਰਨਾਲਾ, 18 ਫਰਵਰੀ 2024 – ਗੈਂਗਸਟਰ ਕਾਲਾ ਧਨੌਲਾ ਦਾ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। ਇਸ ਵਿੱਚ ਗੈਂਗਸਟਰ ਦੀ ਮੌਤ ਹੋ ਗਈ ਹੈ। ਇਹ ਐਨਕਾਊਂਟਰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵੱਲੋਂ ਕੀਤਾ ਗਿਆ ਹੈ। ਕਾਲਾ ਧਨੌਲਾ ਇੱਕ ਹਿਸਟਰੀਸ਼ੀਟਰ ਸੀ, ਜੋ ਇੱਕ ਕਾਂਗਰਸੀ ਆਗੂ ‘ਤੇ ਹਮਲੇ ਤੋਂ ਇਲਾਵਾ 40 ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੰਜਾਬ ਪੁਲਿਸ ਦੀ ਗੈਂਗਸਟਰ ਟਾਸਕ ਫੋਰਸ ਨੇ ਉਸ ਵੇਲੇ ਉਸ ਦਾ ਐਨਕਾਊਂਟਰ ਕੀਤਾ ਜਦੋਂ ਉਹ ਬਰਨਾਲਾ ਤੋਂ ਸੰਗਰੂਰ ਵੱਲ ਜਾ ਰਿਹਾ ਸੀ। ਜਦੋਂ ਪੁਲੀਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ, ਜਵਾਬੀ ਕਾਰਵਾਈ ‘ਚ ਗੈਂਗਸਟਰ ਕਾਲਾ ਧਨੌਲਾ ਮਾਰੀਆ ਗਿਆ। ਕਾਲਾ ਧਨੌਲਾ ਏ-ਕੈਟਾਗਰੀ ਦਾ ਗੈਂਗਸਟਰ ਸੀ। ਗੈਂਗਸਟਰ ਦਾ ਪੂਰਾ ਨਾਂ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਹੈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਮੁਲਜ਼ਮਾਂ ਦਾ ਹਥਿਆਰ ਬਰਾਮਦ ਕਰ ਲਿਆ ਹੈ। ਸਾਰੀ ਘਟਨਾ ਬਾਰੇ ਜ਼ਿਲ੍ਹਾ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।