ਸੂਬੇ ‘ਚ ਅਮਨ ਕਾਨੂੰਨ ਕਾਇਮ ਕਰਨ ਲਈ ਪੰਜਾਬ ਪੁਲਿਸ ਦੀ ਵੱਡੀ ਕੁਰਬਾਨੀ – DIG ਮਨਦੀਪ ਸਿੰਘ ਸਿੱਧੂ

  • ਆਮ ਨਾਗਰਿਕਾਂ ਲਈ ਪੰਜਾਬ ਪੁਲਿਸ ਦਾ ਹੱਥ ਮਖਮਲੀ ਦਸਤਾਨਾ ਤੇ ਗ਼ੈਰਸਮਾਜੀ ਤਾਕਤਾਂ ਲਈ ਸਟੀਲ ਦਾ ਪੰਜਾ-ਡੀ.ਆਈ.ਜੀ. ਸਿੱਧੂ
  • ਪੁਲਿਸ ਯਾਦਗਾਰੀ ਦਿਹਾੜੇ ਮੌਕੇ ਪਟਿਆਲਾ ਪੁਲਿਸ ਲਾਈਨ ‘ਚ ਸ਼ਰਧਾਂਜਲੀ ਸਮਾਰੋਹ

ਪਟਿਆਲਾ, 21 ਅਕਤੂਬਰ 2024 – ਪਟਿਆਲਾ ਰੇਂਜ ਦੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੂਬੇ ‘ਚ ਅਮਨ ਕਾਨੂੰਨੀ ਕਾਇਮ ਕਰਨ ਲਈ ਪੰਜਾਬ ਪੁਲਿਸ ਦੀ ਬਹੁਤ ਵੱਡੀ ਕੁਰਬਾਨੀ ਹੈ। ਉਹ ਅੱਜ ਪੁਲਿਸ ਯਾਦਗਾਰੀ ਦਿਵਸ ਮੌਕੇ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਸ਼ਹੀਦੀ ਸਮਾਰਕ ‘ਤੇ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਜਾਂਬਾਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਐਸ.ਐਸ.ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਮੌਜੂਦਾ ਤੇ ਸਾਬਕਾ ਪੁਲਿਸ ਅਧਿਕਾਰੀਆਂ ਸਮੇਤ ਸ਼ਹੀਦ ਪਰਿਵਾਰਾਂ ਨੇ ਸ਼ਹੀਦਾਂ ਦੀ ਸਮਾਧੀ ‘ਤੇ ਫੁਲ ਮਾਲਾਵਾਂ ਭੇਟ ਕੀਤੀਆਂ।

ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਮੌਜੂਦਾ ਸਮੇਂ ਦਰਪੇਸ਼ ਚੁਣੌਤੀਆਂ ਨਾਲ ਪੂਰੀ ਪ੍ਰਤੀਬੱਧਤਾ ਤੇ ਪੇਸ਼ੇਵਰ ਢੰਗ ਨਾਲ ਨਜਿੱਠ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਹੱਥ ਆਮ ਨਾਗਰਿਕਾਂ ਲਈ ਮਖਮਲੀ ਦਸਤਾਨਾ ਹੈ ਪਰੰਤੂ ਗ਼ੈਰਸਮਾਜੀ ਤਾਕਤਾਂ ਦੀ ਗਰਦਨ ਨੱਪਣ ਲਈ ਸਟੀਲ ਦਾ ਪੰਜਾ ਹੈ।

ਡੀ.ਆਈ.ਜੀ. ਸਿੱਧੂ ਨੇ ਕਾਲੇ ਦੌਰ ਦੌਰਾਨ ਖ਼ੁਦ ਨੂੰ ਲੱਗੀ ਗੋਲੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਦੀ ਬਹਾਦਰ ਫੋਰਸ ਔਖੇ ਸਮੇਂ ‘ਚ ਆਪਣੇ ਸ਼ਹੀਦਾਂ ਦੇ ਨਾਲ ਖੜ੍ਹੀ ਸੀ ਅਤੇ ਅੱਜ ਵੀ ਅਸੀਂ ਉਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ, ਜਿਨ੍ਹਾਂ ਨੇ ਆਪਣੇ ਪਿਆਰੇ ਜੀਆਂ ਦੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਾਡੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣੀ ਰਹੇਗੀ।

ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕਰੀਬ 10 ਸਾਲ ਦਹਿਸ਼ਤਗਰਦੀ ਦਾ ਸਾਹਮਣਾ ਕੀਤਾ, ਜਿਸ ਦੌਰਾਨ ਪੁਲਿਸ ਅਫ਼ਸਰਾਂ, ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਸਮੇਤ ਕੁਲ 1784 ਸ਼ਹੀਦ ਹੋਏ, ਇਨ੍ਹਾਂ ਵਿੱਚ 157 ਸ਼ਹੀਦ ਇਕੱਲੀ ਪਟਿਆਲਾ ਰੇਂਜ ਦੀ ਪੁਲਿਸ ਦੇ ਸਨ।

ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਮਹਾਨ 10 ਸ਼ਹੀਦਾਂ ਦੀ ਪਵਿਤਰ ਯਾਦ ‘ਚ ਮਨਾਇਆ ਜਾਂਦਾ ਹੈ, ਜਿਹੜੇ 21 ਅਕਤੂਬਰ 1959 ਨੂੰ ਹੌਟ ਸਪਰਿੰਗ ਲਦਾਖ ਵਿਖੇ ਚੀਨ ਦੀ ਫ਼ੌਜ ਵੱਲੋਂ ਸੀ.ਆਰ.ਪੀ.ਐਫ. ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਗਸ਼ਤੀ ਟੁਕੜੀ ‘ਤੇ ਘਾਤ ਲਗਾ ਕੇ ਹਮਲਾ ਕਰਨ ਕਰਕੇ ਦੇਸ਼ ਦੀ ਰੱਖਿਆ ਕਰਦਿਆ ਸ਼ਹੀਦੀਆਂ ਪਾ ਗਏ ਸਨ।

ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਇਸ ਮੌਕੇ ਪੁੱਜੇ ਸ਼ਹੀਦਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੀ ਆਜ਼ਾਦ ਫ਼ਿਜ਼ਾ ਅਤੇ ਸ਼ਾਂਤੀ ਦੀ ਬਹਾਲੀ ਹੋਈ ਹੈ, ਜਿਸ ਲਈ ਇਨ੍ਹਾਂ ਸ਼ਹੀਦ ਪਰਿਵਾਰਾਂ ਦਾ ਮੁੱਲ ਮੋੜਿਆ ਨਹੀਂ ਜਾ ਸਕਦਾ।

ਇਸ ਦੌਰਾਨ ਡੀ.ਐਸ.ਪੀ. ਡਾ. ਮਨੋਜ ਗੋਰਸੀ ਦੀ ਅਗਵਾਈ ਹੇਠਲੀ ਪੁਲਿਸ ਟੁਕੜੀ ਨੇ ਸੋਗ ਤੇ ਸਲਾਮੀ ਸ਼ਾਸ਼ਤਰ ਅਤੇ ਦੋ ਮਿੰਟ ਦਾ ਮੌਨ ਧਾਰਨ ਮਗਰੋਂ ਬਿਗਲਰ ਵੱਲੋਂ ਰਿਵਾਲੀ ਦੀ ਧੁਨ ਵਜਾਏ ਜਾਣ ਨਾਲ ਸ਼ਹੀਦਾਂ ਨੂੰ ਸਲਾਮੀ ਦਿੱਤੀ। ਡੀ.ਐਸ.ਪੀ. (ਸਥਾਨਕ) ਨੇਹਾ ਅਗਰਵਾਲ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਮ ਪੜ੍ਹ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਉਪਰੰਤ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਗਈਆਂ।

ਸਮਾਗਮ ਮੌਕੇ ਵਧੀਕ ਸੈਸ਼ਨਜ ਜੱਜ ਅਤੁਲ ਕੰਬੋਜ, ਵਧੀਕ ਕਮਿਸ਼ਨਰ ਇਸ਼ਾ ਸਿੰਗਲ, ਜ਼ਿਲ੍ਹਾ ਅਟਾਰਨੀ ਲੀਗਲ ਅਨਮੋਲਜੀਤ ਸਿੰਘ, ਸਾਬਕਾ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਗਿੱਲ, ਬਲਕਾਰ ਸਿੰਘ ਸਿੱਧੂ, ਅਮਰਜੀਤ ਸਿੰਘ ਘੁੰਮਣ, ਸੁਖਦੇਵ ਸਿੰਘ ਵਿਰਕ, ਸਮਸ਼ੇਰ ਸਿੰਘ ਬੋਪਾਰਾਏ, ਮਨਜੀਤ ਸਿੰਘ ਬਰਾੜ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਸੁਖਵਿੰਦਰ ਸਿੰਘ, ਐਸ.ਪੀਜ ਹਰਬੰਤ ਕੌਰ, ਜਸਬੀਰ ਸਿੰਘ ਸਿੰਘ, ਰਜੇਸ਼ ਛਿੱਬੜ, ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀਜ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰੇਲਵੇ ਵਿਭਾਗ ਵੱਲੋਂ ਟ੍ਰੇਨਾਂ ਨਾਲ ਜੋੜੇ ਜਾਣਗੇ ਹੋਰ ਡੱਬੇ, ਤਿਆਰੀ ਸ਼ੁਰੂ: ਉੱਚ ਅਧਿਕਾਰੀਆਂ ਤੋਂ ਮੰਗੀ ਰਿਪੋਰਟ

ਉਦਯੋਗਪਤੀਆਂ ਦੀ ਸਲਾਹ ਨਾਲ ਪੰਜਾਬ ਵਿੱਚ ਸਨਅਤ ਪੱਖੀ ਨੀਤੀਆਂ ਲਾਗੂ ਕਰਾਂਗੇ: ਸੌਂਦ