ਲੁਧਿਆਣਾ, 1 ਸਤੰਬਰ 2022 – ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦਿਨ ਦਿਹਾੜੇ ਇੱਕ ਬਾਈਕ ਸਵਾਰ ਨੇ ਇੱਕ ਔਰਤ ਤੋਂ ਪਰਸ ਖੋਹ ਲਿਆ। ਬਾਈਕ ਸਵਾਰ ਦਾ ਪਿੱਛਾ ਕਰਦੇ ਹੋਏ ਔਰਤ ਵੀ ਡਿੱਗ ਪਈ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਲੋਕ ਜ਼ਖਮੀ ਔਰਤ ਨੂੰ ਇਕ ਪ੍ਰਾਈਵੇਟ ਕਲੀਨਿਕ ਲੈ ਗਏ, ਜਿੱਥੇ ਔਰਤ ਦੀ ਮਲ੍ਹਮ-ਪੱਟੀ ਕੀਤੀ ਗਈ । ਘਟਨਾ ਕੁੰਦਨਪੁਰੀ ਇਲਾਕੇ ਦੀ ਦੱਸੀ ਜਾ ਰਹੀ ਹੈ।
ਪੀੜਤਾ ਦੀ ਪਛਾਣ ਮਧੂ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਬਦਮਾਸ਼ ਔਰਤ ਦਾ ਮੋਬਾਈਲ ਵੀ ਖੋਹ ਕੇ ਲੈ ਗਏ। ਪਰਸ ਵਿੱਚ ਕਰੀਬ 800 ਰੁਪਏ ਸਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ‘ਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਇਹ ਘਟਨਾ ਸੀਸੀਟੀਵੀ ‘ਚ ਨਜ਼ਰ ਆਈ।
ਦੱਸ ਦਈਏ ਕਿ ਚੋਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ। 3 ਦਿਨ ਪਹਿਲਾਂ ਹੀ ਹੈਬੋਵਾਲ ਇਲਾਕੇ ਵਿੱਚ ਇੱਕ ਘਟਨਾ ਵਾਪਰੀ ਸੀ। ਮਹਿਲਾ ਈ-ਰਿਕਸ਼ਾ ‘ਤੇ ਬੈਠ ਕੇ ਡਿਊਟੀ ਕਰ ਕੇ ਵਾਪਸ ਘਰ ਜਾ ਰਹੀ ਸੀ। ਇਹ ਔਰਤ ਮਾਲ ਰੋਡ ‘ਤੇ ਇਕ ਡਾਕਟਰ ਕੋਲ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ। ਬਾਈਕ ਸਵਾਰ ਉਸ ਦਾ ਪਰਸ ਖੋਹ ਕੇ ਲੈ ਗਏ।
ਔਰਤ ਚੱਲਦੇ ਈ-ਰਿਕਸ਼ਾ ਤੋਂ ਹੇਠਾਂ ਡਿੱਗ ਗਈ ਅਤੇ ਜ਼ਖ਼ਮੀ ਹੋ ਗਈ। ਔਰਤ ਨੇ ਨਵਾਂ ਐਕਟਿਵਾ ਖਰੀਦਣ ਲਈ 40 ਹਜ਼ਾਰ ਰੁਪਏ ਜੋ ਆਪਣੇ ਪਰਸ ਵਿੱਚ ਪਾਏ ਹੋਏ ਸਨ। ਇਸ ਮਾਮਲੇ ਵਿੱਚ ਵੀ ਪੁਲਿਸ ਸਿਰਫ਼ ਸੀਸੀਟੀਵੀ ਫੁਟੇਜ ਹੀ ਚੈੱਕ ਕਰ ਰਹੀ ਹੈ। ਮੁਲਜ਼ਮ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ।