ਲੁਧਿਆਣਾ, 28 ਸਤੰਬਰ 2022 – ਲੁਧਿਆਣਾ ਪਹੁੰਚੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਹਰਿਆਣਾ ਵਾਂਗ ਪੰਜਾਬ ਵਿੱਚ ਵੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ’ਤੇ ਸਿਰਫ਼ ਇੱਕ ਪਰਿਵਾਰ ਦਾ ਕਬਜ਼ਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਘਰ ਨੂੰ ਇਨ੍ਹਾਂ ਲੋਕਾਂ ਤੋਂ ਮੁਕਤ ਕਰਵਾਉਣ ਦੀ ਲੋੜ ਹੈ। ਸੰਸਦ ਮੈਂਬਰ ਬਿੱਟੂ ਨੇ ਭਾਖੜਾ ਬਿਆਸ ਬੋਰਡ (ਬੀਬੀਐਮਬੀ) ਦਾ ਮੁੱਦਾ ਵੀ ਉਠਾਇਆ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਬੀਐਮ ਬੋਰਡ ਵਿੱਚ ਪੰਜਾਬ ਦੇ ਦੋ ਮੈਂਬਰ ਦੋ ਮਹੀਨੇ ਪਹਿਲਾਂ ਸੇਵਾਮੁਕਤ ਹੋਏ ਹਨ ਪਰ ਇਸ ਦੇ ਬਾਵਜੂਦ ਕੇਂਦਰ ਨੇ ਹਾਲੇ ਤੱਕ ਪੰਜਾਬ ਦੇ ਕਿਸੇ ਵੀ ਮੈਂਬਰ ਨੂੰ ਬੋਰਡ ਵਿੱਚ ਨਿਯੁਕਤ ਨਹੀਂ ਕੀਤਾ।
ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ ਦਾ ਇੱਕ ਅਧਿਕਾਰੀ ਬੋਰਡ ਵਿੱਚ ਚੇਅਰਮੈਨ ਵਜੋਂ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਬੋਰਡ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਦਾ ਕੰਮ ਇਹ ਹੈ ਕਿ ਸੂਬੇ ਦੀਆਂ ਨਹਿਰਾਂ ਨੂੰ ਕਿੰਨਾ ਪਾਣੀ ਦੇਣਾ ਹੈ ਅਤੇ ਕਿੰਨੀ ਬਿਜਲੀ ਮੁਹੱਈਆ ਕਰਵਾਉਣੀ ਹੈ।
ਬਿੱਟੂ ਨੇ ਕਿਹਾ ਕਿ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਇਹ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ ਅਤੇ ‘ਆਪ’ ਸਰਕਾਰ ਇਸ ਲਈ ਚੁੱਪ ਬੈਠੀ ਹੈ ਕਿਉਂਕਿ ਕੇਂਦਰ ਨੇ ਈਡੀ ਰਾਹੀਂ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਦਬਾਇਆ ਹੋਇਆ ਹੈ।
ਆਬਕਾਰੀ ਨੀਤੀ ਦੀਆਂ ਫਾਈਲਾਂ ਈਡੀ ਕੋਲ ਪਈਆਂ ਹਨ, ਜਿਸ ਕਾਰਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਨਹੀਂ ਬੋਲ ਰਹੇ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਕੇਂਦਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਬਿੱਟੂ ਨੇ ਮੰਗਲਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਭਰੋਸੇ ਦਾ ਵੋਟ ਲਿਆਉਣ ਲਈ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੇ ਭਰੋਸੇ ਦਾ ਵੋਟ ਲਿਆਉਣ ਦੀ ਮੰਗ ਨਹੀਂ ਕੀਤੀ। ਫਿਰ ਇਹ ਸਾਰਾ ਡਰਾਮਾ ਕਰਨ ਦੀ ਕੀ ਲੋੜ ਸੀ ? ਉਨ੍ਹਾਂ ਕਿਹਾ ਕਿ ਅਸਲ ਵਿੱਚ ਤੁਸੀਂ ਲੋਟਸ ਆਪਰੇਸ਼ਨ ਦੀ ਗੱਲ ਕਰ ਰਹੇ ਹੋ। ਇਹ ਹੈ ਅਰਵਿੰਦ ਕੇਜਰੀਵਾਲ ਦੀ ਚਾਲ। ਜੇਕਰ ‘ਆਪ’ ਵਿਧਾਇਕ ਕਹਿ ਰਹੇ ਹਨ ਕਿ ਭਾਜਪਾ ਨੇ ਉਨ੍ਹਾਂ ਦੇ ਵਿਧਾਇਕਾਂ ਨੂੰ ਪੈਸੇ ਦੇ ਕੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ‘ਆਪ’ ਦੇ ਵਿਧਾਇਕ ਇਹ ਕਿਉਂ ਨਹੀਂ ਦੱਸਦੇ। ਕਿਸ ਨੰਬਰ ਤੋਂ ਕਾਲ ਆਈ, ਫੋਨ ਕਰਨ ਵਾਲੇ ਦਾ ਕੀ ਨਾਂ ਹੈ।
ਉਹ ਬਿਕਰਮ ਸਿੰਘ ਮਜੀਠੀਆ ‘ਆਪ’ ਸਰਕਾਰ ਦੀ ਮਦਦ ਨਾਲ ਜੇਲ੍ਹ ‘ਚੋਂ ਬਾਹਰ ਆਇਆ ਸੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਦਾਲਤ ਵਿੱਚ ਸਹੀ ਕਾਰਵਾਈ ਨਹੀਂ ਕੀਤੀ। ਇਸ ਦਾ ਫਾਇਦਾ ਮਜੀਠੀਆ ਨੂੰ ਮਿਲਿਆ ਹੈ। ਇਹ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਲਈ ਅਹਿਮ ਗੁਰੂ ਘਰ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਹੁਣ ਹਰਿਆਣਾ ਨੇ ਆਪਣੀ ਵੱਖਰੀ ਕਮੇਟੀ ਬਣਾ ਲਈ ਹੈ। ਜੇਕਰ ਹਰਿਆਣਾ ਲਈ ਵੱਖਰੀ ਕਮੇਟੀ ਹੈ, ਦਿੱਲੀ ਲਈ ਵੱਖਰੀ ਕਮੇਟੀ ਹੈ ਤਾਂ ਇਸੇ ਤਰ੍ਹਾਂ ਪੰਜਾਬ ਦੇ ਗੁਰੂ ਘਰਾਂ ਦੀ ਦੇਖ-ਰੇਖ ਲਈ ਵੱਖਰੀ ਕਮੇਟੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਮੰਗ ਕਰਨਗੇ।