ਚੰਡੀਗੜ੍ਹ, 31 ਮਾਰਚ 2024 – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਰਾਤ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚੋਂ 6 ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 1996 ‘ਚ ਭਾਜਪਾ ਅਤੇ ਅਕਾਲੀ ਦਲ ਦੇ ਗਠਜੋੜ ਤੋਂ ਬਾਅਦ ਇਹ ਪਹਿਲੀ ਲੋਕ ਸਭਾ ਚੋਣ ਹੈ, ਜਦੋਂ ਭਾਜਪਾ ਪੰਜਾਬ ‘ਚ ਇੱਕਲੀ ਲੜਨ ਜਾ ਰਹੀ ਹੈ। ਇਸੇ ਲਈ ਭਾਜਪਾ ਆਪਣੇ ਸਥਾਨਕ ਅਤੇ ਰਵਾਇਤੀ ਆਗੂਆਂ ਨਾਲੋਂ ਦਲ ਬਦਲ ਕੇ ਆ ਰਹੇ ਲੀਡਰਾਂ ‘ਤੇ ਭਰੋਸਾ ਕਰ ਰਹੀ ਹੈ।
ਸਾਬਕਾ ਕਾਂਗਰਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪੰਜਾਬ ਦੇ ਪਟਿਆਲਾ ਸ਼ਾਹੀ ਪਰਿਵਾਰ ਤੋਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਈ ਪ੍ਰਨੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਤੋਂ ਇਲਾਵਾ ਲੁਧਿਆਣਾ ਤੋਂ ਅੱਤਵਾਦ ਦੌਰਾਨ ਜਾਨ ਗਵਾਉਣ ਵਾਲੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਜੋ ਕਿ ਕੁੱਝ ਦਿਨ ਪਹਿਲਾਂ ਹੀ ਬੀਜੇਪੀ ‘ਚ ਸ਼ਾਮਿਲ ਹੋਏ ਹਨ, ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸ ਸੂਚੀ ‘ਚ ਤੀਜਾ ਨਾਂ ਸੁਸ਼ੀਲ ਕੁਮਾਰ ਰਿੰਕੂ ਦਾ ਹੈ, ਜੋ ਕਾਂਗਰਸ ਛੱਡ ਕੇ 2022 ‘ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜ਼ਿਮਨੀ ਚੋਣ ‘ਚ ਸੰਸਦ ਮੈਂਬਰ ਬਣੇ ਸਨ, ਨੂੰ ਵੀ ਲੋਕ ਸਭਾ ਟਿਕਟ ਦਿੱਤੀ ਗਈ ਹੈ।
ਅਕਾਲੀ ਦਲ ਛੱਡ ਕੇ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ ਅਤੇ ਫਿਰ 2019 ‘ਚ ਭਾਜਪਾ ਦੀ ਟਿਕਟ ‘ਤੇ ਦਿੱਲੀ ਤੋਂ ਜਿੱਤੇ ਹੰਸਰਾਜ ਹੰਸ ਨੂੰ ਵੀ ਇਸ ਵਾਰ ਫਰੀਦਕੋਟ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਇਸ ਵਾਰ ਭਾਜਪਾ ਨੇ ਸੰਨੀ ਦਿਓਲ ਦੀ ਟਿਕਟ ਰੱਦ ਕਰਕੇ ਗੁਰਦਾਸਪੁਰ ਸੀਟ ‘ਤੇ ਸਥਾਨਕ ਆਗੂ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਬਣਾਇਆ ਹੈ।
ਅੰਮ੍ਰਿਤਸਰ ਤੋਂ, ਭਾਜਪਾ ਨੇ ਸਾਬਕਾ ਆਈਐਫਐਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਕਿ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਵਿੱਚੋਂ ਹਨ, ਜਿਨ੍ਹਾਂ ਨੇ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਸਾਲ 2022 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ 73 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਇੱਕ ਸੀਟ ਜਿੱਤੀ ਅਤੇ 6.6% ਵੋਟਾਂ ਹਾਸਲ ਕੀਤੀਆਂ। 2019 ਤੱਕ ਸਿਰਫ 3 ਲੋਕ ਸਭਾ ਸੀਟਾਂ ‘ਤੇ ਚੋਣ ਲੜ ਰਹੀ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ 13 ਸੀਟਾਂ ‘ਤੇ ਯੋਗ ਉਮੀਦਵਾਰ ਖੜ੍ਹੇ ਕਰਨ ਦੀ ਹੈ।
ਇਹੀ ਕਾਰਨ ਹੈ ਕਿ ਉਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਜੋ ਪਹਿਲਾਂ ਹੀ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦਾ ਪੰਜਾਬ ਦੀ ਸਿਆਸਤ ਵਿੱਚ ਵੱਡਾ ਨਾਂਅ ਹੈ, ਜਦਕਿ ਹੁਸ਼ਿਆਰਪੁਰ ਤੋਂ ਮੌਜੂਦਾ ਸੰਸਦ ਮੈਂਬਰ ਸੋਮਪ੍ਰਕਾਸ਼ ਦਾ ਨਾਂਅ ਅਜੇ ਵੀ ਵਿਚਾਰ ਅਧੀਨ ਹੈ।