ਚੰਡੀਗੜ੍ਹ, 29 ਅਕਤੂਬਰ 2022 – ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਹੁਣ ਪੰਜਾਬ ’ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਹੈ। ਅਗਾਮੀ-2024 ਦੀਆਂ ਲੋਕ ਸਭਾ ਚੋਣਾਂ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਭਾਜਪਾ ਇੱਕ ਸਿੱਖ ਆਗੂ ਨੂੰ ਸੂਬਾ ਪ੍ਰਧਾਨ ਬਣਾ ਸਕਦੀ ਹੈ।
ਜਾਣਕਾਰੀ ਮਿਲ ਰਹੀ ਹੈ ਕਿ ਇਸ ਕੜੀ ‘ਚ ਸਭ ਤੋਂ ਅੱਗੇ ਨਾਂਅ ਮਨਜਿੰਦਰ ਸਿੰਘ ਸਿਰਸਾ ਦਾ ਚੱਲ ਰਿਹਾ ਹੈ, ਜਿਸ ਨੂੰ ਪੰਜਾਬ ‘ਚ ਇਹ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਭਾਜਪਾ ਦੇ ਦਿੱਲੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਪਾਰਟੀ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਸਿੱਖ ਆਗੂ ਮਨਜਿੰਦਰ ਸਿਰਸਾ ਨੂੰ ਬਣਾਉਣ ਦਾ ਮਨ ਬਣਾ ਚੁੱਕੀ ਹੈ। ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਵੱਡੇ ਸਿੱਖ ਚਿਹਰੇ ਹਨ।
ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਜਦੋਂ ਤੋਂ ਉਨ੍ਹਾਂ ਨੇ ਭਾਜਪਾ ਜੁਆਇਨ ਕੀਤੀ ਹੈ, ਉਸ ਤੋਂ ਬਾਅਦ ਉਹ ਪੰਜਾਬ ’ਚ ਦਰਜਨਾਂ ਵੱਡੇ ਸਿੱਖ ਆਗੂਆਂ ਨੂੰ ਉਹ ਭਾਜਪਾ ਜੁਆਇਨ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਮੀਡੀਆ ’ਚ ਬੇਬਾਕੀ ਨਾਲ ਬੀਜੇਪੀ ਦੇ ਪੱਖ ’ਚ ਪ੍ਰਚਾਰ ਕਰ ਰਹੇ ਹਨ। ਇਸ ਤੋਂ ਬਿਨਾਂ ਉਹ ਕਿਸਾਨੀ, ਸਿੱਖ ਅਤੇ ਪੰਜਾਬ ਦੇ ਮਸਲਿਆਂ ’ਤੇ ਉਹ ਲਗਾਤਾਰ ਭਾਜਪਾ ਦਾ ਮਜ਼ਬੂਤੀ ਨਾਲ ਪੱਖ ਰੱਖਦੇ ਆ ਰਹੇ ਹਨ।
ਸਿਰਸਾ ਨੇ ਕਿਸਾਨ ਅੰਦੋਲਨ ਦੇ ਸਮੇਂ ਵੀ ਡਟ ਕੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਸੀ। ਕਿਸਾਨ ਅੰਦੋਲਨ ਦੇ ਖਤਮ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਭਾਜਪਾ ’ਚ ਸ਼ਮੂਲੀਅਤ ਕੀਤੀ ਤਾਂ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਜੰਮ ਕੇ ਰਗੜੇ ਲਾਏ ਅਤੇ ਭਾਜਪਾ ਨੂੰ ਪੰਜਾਬ, ਪੰਜਾਬੀ, ਕਿਸਾਨ ਅਤੇ ਸਿੱਖ ਹਿਤੈਸ਼ੀ ਦੱਸਦੇ ਹੋਏ ਬੇਬਾਕੀ ਨਾਲ ਪ੍ਰੈੱਸ ਕਾਨਫਰੰਸ ਕੀਤੀ ਅਤੇ ਹਰੇਕ ਗੱਲ ਦਾ ਉਨ੍ਹਾਂ ਨੇ ਸਪੱਸ਼ਟ ਜਵਾਬ ਦਿੱਤਾ।
ਸੂਤਰਾਂ ਅਨੁਸਾਰ ਸਿਰਸਾ ਦੀ ਕਾਰਜਪ੍ਰਣਾਲੀ ਤੋਂ ਸੰਘ ਪਰਿਵਾਰ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੇਹੱਦ ਪ੍ਰਭਾਵਿਤ ਹਨ। ਅਮਿਤ ਸ਼ਾਹ ਦਾ ਸਿਰਸਾ ਨੂੰ ਵਿਸ਼ੇਸ਼ ਆਸ਼ੀਰਵਾਦ ਹਾਸਲ ਹੈ। ਭਾਜਪਾ ’ਚ ਸ਼ਾਮਿਲ ਹੋਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਇੱਕੋ-ਇਕ ਅਜਿਹੇ ਆਗੂ ਹਨ, ਜੋ ਕਦੇ ਵੀ ਗ੍ਰਹਿ ਮੰਤਰੀ ਨੂੰ ਮਿਲ ਸਕਦੇ ਹਨ। ਜਦੋਂ ਕਿ ਮੁੱਖ ਮੰਤਰੀ ਤੱਕ ਨੂੰ ਅਮਿਤ ਸ਼ਾਹ ਨਾਲ ਮਿਲਣ ਲਈ ਸਮਾਂ ਲੈਣਾ ਪੈਂਦਾ ਹੈ। ਦਿੱਲੀ ਦੀ ਸਿੱਖ ਰਾਜਨੀਤੀ ਦਾ ਅਸਰ ਹਮੇਸ਼ਾ ਪੰਜਾਬ ’ਤੇ ਪੈਂਦਾ ਹੈ। ਦਿੱਲੀ ਦੀ ਸਿੱਖ ਅਤੇ ਪੰਜਾਬ ਰਾਜਨੀਤੀ ’ਚ ਸਿਰਸਾ ਦੀ ਡੂੰਘੀ ਪੈਠ ਹੈ।